

ਲਗ ਗਈ ਛੇਤ ਖੇੜਿਓਂ ਸਾਰੀ,
ਖੇੜੇ ਖੇੜਾ ਲਾਇਆ,
ਜਿਉਂ ਖਿੜਿਆ ਸੀ ਸਰਵਰ ਸਾਰਾ
'ਦਿਲ-ਨਾਰੀ' ਖਿੜ ਆਇਆ।
ਅੰਦਰ ਫੁੱਟ ਪਿਆ ਜਿਉਂ ਸੋਮਾਂ
ਕੜ ਖੁਸ਼ੀਆਂ ਦਾ ਫੁਟਿਆ,
ਹੁਸਨ ਅੰਦਰੋਂ ਅੰਦਰਲੇ ਦਾ
ਚਸਮੇ ਜਿਉਂ ਫਟ ਛੁਟਿਆ।
ਲੂੰ ਲੂੰ ਵਿਚੋਂ ਛੁਟੇ ਛੁਹਾਰੇ,
ਖੇੜੇ ਛਹਿਬਰ ਲਾਈ।
ਅੱਖਾਂ 'ਫਬਨ-ਕਟੋਰੇ ਭਰ ਰਹੇ
ਤ੍ਰੇਲ ਪਏ ਸੁਖਦਾਈ।
ਤਨ ਮਨ ਖੀਵਾ ਖੇੜਾ ਪੀ ਪੀ,
ਖੇੜਾ ਸਾਰੀ ਹੋਈ,
ਖੇੜਾ ਤੇ ਆਪਾ ਇਕ ਹੋਏ,
ਲੂੰ ਲੂੰ ਗਈ ਪਰੋਈ:
ਖੇੜਾ ਦਿਲ ਦਾ, ਖੇੜਾ ਤਨ ਦਾ,
ਖੇੜਾ ਸਰਵਰ ਵਾਲਾ,
ਸਭ ਖੇੜੇ ਇਕ ਰੂਪ ਹੋ ਗਏ,
ਖੇੜੇ ਭੰਨੀਆਂ ਪਾਲਾਂ।