

ਜ਼ੀਨਤ ਬੇਗਮ
ਸੁਹਣੇ ਸੁਹਣੇ ਮਹਿਲ ਅਸਾਡੇ
ਦੇਖਣ ਆਈਓ ਸਹੀਓ!
ਇਕ ਤੋਂ ਇਕ ਚੜ੍ਹੰਦੇ ਨਕਸ਼ੇ
ਦੇਖ ਦੇਖ ਰਜ ਰਹੀਓ,
ਪਰ ਇਕ ਨਕਸ਼ ਗੁਪਤ ਏਨ੍ਹਾਂ ਵਿਚ
ਹਰ ਨੁਕਤੇ ਵਿਚ ਲਿਖਿਆ,
ਪੜ੍ਹੇ ਬਾਝ ਉਸ ਨਕਸ਼ ਅਟਲਵੇਂ
ਸਹੀਓ ਨਾਂ ਮੁੜ ਜਈਓ!
ਏ ਨਕਸ਼ੇ ਨੱਕਾਸ਼ ਰੰਗੀਲਾ
ਜਦ ਸੀ ਜਾਂਦਾ ਪਾਂਦਾ,
ਨਾਲੋ ਨਾਲ ਗੈਬ ਤੋਂ ਕੋਈ
ਗੁਪਤ ਨਕਸ਼ ਇਕ ਵਾਂਹਦਾ।
ਉਹ ਸੀ ਨਕਸ਼ 'ਵਿਛੋੜਾ' ਸਹੀਓ!
ਅਸਾਂ ਨਿਖੁਟਿਆਂ ਪੜ੍ਹਿਆ,
ਕਾਸ਼! ਕਦੇ ਇਹ ਨਕਸ਼ ਮੇਰਾ ਉਹ
ਜ਼ਾਲਮ ਬੀ ਪੜ੍ਹ ਲੈਂਦਾ। ੬੮.