

ਵਰਜਿਤ ਵਾੜੀ
ਖਿੜੇ ਚਮਨ ਵਿਚ ਆਕੇ ਡਿੱਠਾ:
ਵੰਨੋ ਵੰਨੀ ਰੰਗ ਰੰਗਾ,
ਜੋਬਨ ਭਰੇ ਫੁੱਲ ਪਏ ਝੂਮਣ
ਡਾਲੀ ਪੱਤੇ ਰੂਪ ਲਗਾ,
ਤੱਕ ਤੱਕ ਅਖ ਮੋਹਿਤ ਹੁੰਦੀ,
ਮਨ ਪਿਆ ਪੈਂਦਾ ਲੋਭ ਲੁਭਾ,
ਜਫੀਆਂ ਪਾਂਦੀ ਪੌਣ ਪਿਆਰੀ
ਆ ਆ ਲਗਦੀ ਕਰੇ ਸੁਹਾਂ।
ਮੱਲੋ ਮੱਲੀ ਹੱਥ ਵਧੇਂਦੇ
ਕਹਿੰਦੇ: ਲਈਏ ਫੁੱਲ ਤੁੜਾ।
ਪਰ ਜਦ ਹੱਥ ਫੁਲ ਨੂੰ ਲਗਦੇ
ਤੋੜਦਿਆਂ ਹੋ ਜਾਣ ਸੁਆਹ।
ਜਿਸ ਫੁਲ ਨੂੰ ਚਾ ਛੋਹੋ ਰੱਤੀ
ਛੁਹੰਦਿਆ ਸਾਰ ਜਾਇ ਭਸਮਾ।
ਫਿਰ ਦੇਖੇ ਬੂਟੇ ਫਲ ਵਾਲੇ
ਨਾਲ ਫਲਾਂ ਦੇ ਭਰੇ ਭਰਾ।
ਪ੍ਯਾਰੇ ਸੁਹਣੇ ਤੇ ਮਨ-ਮੁਹਣੇ
ਦੇਖਦਿਆਂ ਚਿਤ ਲੈਣ ਚੁਰਾ,
ਪਰ ਜਦ ਤੋੜੋ ਰਾਖ ਹੋਵਦੇ,
ਅਚਰਜ ਕੀ ਅਚਰਜ ਇਸ ਥਾਂ ?