

ਜਾਦੂਗਰੀ ਕੀਤੀ ਏਨ੍ਹਾਂ ਅੱਖੀਆਂ ਨੇ,
ਮਾਰ ਘੱਤਿਆ ਸਾਂਭਕੇ ਰੱਖੀਆਂ ਨੇ!
ਇਨ੍ਹਾਂ ਨੈਣਾਂ ਨੇ ਪੂਰਾਂ ਦੇ ਪੂਰ ਲਾਹੇ,
ਜੇਧੇ ਬਲੀ ਵਰਿਆਮ ਤੇ ਸੂਰ ਫਾਹੇ,
ਖੰਭ ਸੜੇ ਪਤੰਗਿਆਂ ਵਾਂਗ ਬਿਸਮਿਲ
ਪਏ ਖਿੱਚ ਖਾਵਣ, ਤੜਫ਼ਣ ਹੋਣ ਤਿਲਮਿਲ।
ਮੈਂ ਬੀ ਮਾਰਿਆ ਇਕ ਮਟੱਕੜੇ ਨੇ
ਕਰ ਕੈਦ ਲੀਤਾ ਜੱਫੇ ਤੱਕੜੇ ਨੇ।
ਕੋਈ ਕਰੋ ਕਾਰੀ ਸਾਡੀ ਆਣ ਲੋਕੋ!
ਕੋਈ ਰਬ ਪ੍ਯਾਰੇ ਆ ਬਚਾਣ ਲੋਕੋ!
ਤਾਣ ਅਸਾਂ ਵਿਚ ਰਹੀ ਨ ਸ਼ਾਨ ਲੋਕੋ!
ਫਾਥੇ ਪਿੰਜਰੇ ਆਣ ਛੁਡਾਣ ਲੋਕੋ!
ਕਰੇ ਬਾਹੁੜੀ ਰਬ ਜੇ ਆਪ ਲੋਕੋ!
ਵਿਸ-ਚੜ੍ਹੀ ਦਾ ਝੜੇ ਏ ਤਾਪ, ਲੋਕੋ!
ਜੇ ਮੈਂ ਆਪਣੇ ਆਪ ਤੇ ਆਸ ਕੀਤੀ,
ਅਪਣੇ ਬਚਣ ਦੀ ਆਸ ਫਿਰ ਨਾਸ ਕੀਤੀ।