

ਹਸੂੰ ਹਸੂੰ ਓ ਕਰਦੀਆਂ ਆਈਆਂ
ਆਪ ਹਸਾਂਦੀਆਂ ਆਈਆਂ:
ਖਿੜੇ ਖਿੜੰਦੇ ਮੱਥੇ ਆਈਆਂ
ਖੇੜਾ ਨਾਲ ਲਿਆਈਆਂ।
ਮੁਖੜਾ ਮੁਖੜਾ ਚੰਦ ਚੰਦ ਹੈ
ਚੰਦ ਮੁਖ ਹੋਕੇ ਆਈਆਂ;
ਖਾਣ ਚੰਦਾਂ ਵਿਚੋਂ ਚੰਦ ਲਭਾਕੇ
ਚਿਹਰੇ ਚਾੜ੍ਹ ਲਿਆਈਆਂ,
ਗਗਨ ਮੰਡਲ ਇਕ ਚੰਦ ਕਾਰਨੇ
ਕੇਡਾ ਗਰਬ ਕਰੇਂਦਾ,
ਏਥੇ ਵੇਖੋ ਡਾਲ ਡਾਲ ਹੈ
ਚੰਦ ਚੰਦ ਛਬਿ ਦੇਂਦਾ!
ਇਕ ਰੰਗਾ ਉਹ ਚੰਦ ਅਸਮਾਨੀ-
ਨਾਲ ਦਾਗ਼ ਦੇ ਭਰਿਆ,
ਹਰ-ਰੰਗਾ ਹਰ ਰੌਣਕ ਏਥੇ
ਸੈ ਲਖ ਚੰਦਾ ਚੜਿਆ।
ਗੁਲਦਾਊਦੀਆਂ ਸਾਡੀਆਂ ਸਹੀਓ!
ਚੰਦ੍ਰ-ਮੁਖੋਂ ਬੜ੍ਹ ਚੜ੍ਹੀਆਂ,
ਦਰਸ਼ਨ ਕਾਰਨ ਚੰਦ ਅਕਾਸ਼ੀ
ਚੜ੍ਹ ਦੇਖੇ ਚੰਦ ਲੜੀਆਂ।