

ਬੇਲਾ ਭੁਆਨੀ*
ਅਹੁ ਕੀ ਲਾਲ ਰੋਸ਼ਨੀ ਆਈ
ਪੀਲੀ ਹੈ ਹੁਣ ਹੋਈ,
ਰੰਗ ਮੋਤੀਏ ਦੇ ਵਿਚ ਪਲਟੀ
ਸ਼ਕਲ ਧਾਰ, ਹਸ ਹੋਈ।
ਕੋਮਲ ਦੇਹ, ਰੰਗ ਹੈ ਸੁੰਦਰ
ਧਰਮ ਲਿਸ਼ਕ ਹੈ ਮਾਰੇ,
ਮੱਥੇ ਤੇਜ ਭਗਤਿ ਦਾ ਲਿਸ਼ਕੇ
ਨੈਣ ਪ੍ਰੇਮ ਦੇ ਤਾਰੇ।
ਆ ਕਹਿੰਦੀ:- 'ਕਿਉਂ ਸੋਚਾਂ ਸੋਚੋ?
ਏ ਮੇਰਾ ਹੈ ਲਾਠਾ;
'ਇਸ ਉਤੋਂ ਦਰਸ਼ਨ ਸਾਂ ਕਰਦੀ।
ਜਮਨਾਂ ਦੇਂਦੀ ਠਾਠਾਂ।
'ਪ੍ਰਿਥੀਰਾਜ ਦੀ ਬੇਟੀ ਮੈਂ ਹਾਂ
ਨਾਂ ਹੈ 'ਬੇਲਾ ਭੁਆਨੀ,
‘ਜਮਨਾਂ ਰੋਜ਼ ਨ੍ਹਾਣ ਮਾਂ ਜਾਂਦੀ
ਫਿਰ ਆ ਚੜ੍ਹੀ ਜੁਆਨੀ।
–––––––––––––––
* ਇਕ ਮਕਬਰੇ ਦੇ ਕਈ ਪੁਸਤਾਂ ਤੋਂ ਚਲੇ ਆ ਰਹੇ ਅਮੀਨ ਨੇ 'ਕੁਤਬ ਦੀ ਲਾਠ ਦੀ ਅਸਲੀਅਤ ਏਹੋ ਦੱਸੀ ਸੀ, ਜੋ ਕਹਿੰਦਾ ਸੀ ਕਿ ਸਾਡੇ ਖਾਨਦਾਨ ਵਿਚ ਇਹ ਕਥਾ ਸੀਨੇ ਬਸੀਨੇ ਚਲੀ ਆਈ ਹੈ।