

'ਮਹਿਰਾਬਾਂ ਤੇ ਕੰਧਾਂ ਦੇਖੋ
ਕੁਝ ਰਹੀਆਂ ਕੁਛ ਗਈਆਂ,
'ਪਰ ਏਹ ਲਾਠ ਪਿਤਾ ਜੀ ਮੇਰੇ
ਸਹੀ ਸਲਾਮਤ ਰਹੀਆਂ।'
ਇਤਨੇ ਨੂੰ ਇਕ ਮਧਰਾ ਭਰਵਾਂ
ਕੁਲਹਾ ਪਹਿਨੇ ਆਯਾ,
ਗਲ ਸਮੂਰ ਦਾ ਤਿੱਲੇ ਵਾਲਾ
ਚੋਗਾ ਲੰਮਾਂ ਪਾਯਾ।
'ਮਲੇਛ ਮਲੇਛ ਕਹਿ ਬੇਲਾ ਉੱਡੀ
ਫਿਰ ਨਜ਼ਰੀਂ ਨਹੀਂ ਆਈ
ਕੁਤਬ ਦੀਨ ਦੀ ਸੀ ਇਹ ਸੂਰਤ
ਜੋ ਕਿਧਰੋਂ ਟੁਰ ਆਈ*।
ਚੁੱਪ ਚਾਪ ਬਿਨ ਬੋਲੇ ਫਿਰਦੀ
ਘੁੰਮਰ ਸਾਰੇ ਪਾਂਦੀ,
ਚੱਕਰ ਦੇਂਦੀ ਤੇ ਸਾਹ ਭਰਦੀ
ਫਿਰ ਕਬਰੇ ਵੜ ਜਾਂਦੀ।
ਤ੍ਰਬ੍ਹਕ ਅਸਾਂ ਜਦ ਅੱਖ ਉਘਾੜੀ
ਨਜ਼ਰੀਂ ਕੁਛ ਨਾ ਆਯਾ।
ਥਾਵਾਂ ਥਾਵਾ ਓ ਖੋਲਾ
ਚਾਰ ਚੁਫੇਰ ਸੁਹਾਯਾ।
––––––––––––
* ਕੁਤਬਦੀਨ ਦੀ ਕਬਰ ਲਾਹੌਰ ਅਨਾਰਕਲੀ ਵਿਚ ਬਣੀ ਹੋਈ ਹੈ।