

ਸੀ ਪਿੱਪਲ ਇਕ ਉਦਾਰ ਬੜਾ,
ਕੁਛ ਦੂਰ ਸੁਹਾਵਾ ਲਹਿਰ ਰਿਹਾ,
ਇਕ ਡਾਰ ਉਡੰਦੀ ਤੋਤਿਆਂ ਦੀ
ਇਸ ਤੇ ਆ ਬੈਠ ਅਰਾਮ ਲਿਆ।
ਝੁਮ ਝੂੰਮਣ ਡਾਲ ਹਿਲੰਦੀਆਂ ਤੇ
ਟੁਕ ਗੋਲ੍ਹਾਂ ਖਾਣ ਅਚਿੰਤ ਬੜੇ,
ਖੁਸ਼ ਹੋ ਹੋ ਚਹਿ ਚਹਿ ਸ਼ੋਰ ਕਰਨ
ਫਿਰ ਚਾਰ ਚਫ਼ੇਰੇ ਨਜ਼ਰ ਲੜੇ।
ਇਕ ਤੋਤਾ ਡਿੱਠਾ ਦੂਰ ਬੜੀ
ਕੁਈ ਵੀਰ ਅਸਾਡਾ ਵਿਲਕ ਰਿਹਾ,
ਵਿਚ ਦੁੱਖ ਤਸੀਹੇ ਪਿਆ ਕਿਸੇ
ਖੰਭ ਹੁੰਦਿਆ ਤੇ ਹੈ ਢਿਲਕ ਰਿਹਾ।
ਇਹ ਮਾਰ ਉਡਾਰੀ ਪਾਸ ਗਿਆ
ਜਾ ਕਹਿੰਦਾ: ਤੂੰ ਕਿਉਂ ਸਿਸਕ ਰਿਹਾ?
'ਹੈਂ ਦੁਖੀਆ ਕਿਉਂ ਦੁਖਿਆਰ ਬੜਾ
'ਵਿਚ ਸਹਿਮ ਉਦਾਸੀ ਬੁਸਕ ਰਿਹਾ?