ਐਕਟ ਪਹਿਲਾ
ਸੀਨ ਪਹਿਲਾ
ਕਾਕੂ ਦੀ ਭੱਠੀ। ਅਹਿਰਨ, ਖੱਲ ਦੀ ਧੋਂਕਣੀ, ਹਥੌੜਾ, ਸੰਨ੍ਹੀ ਤੇ ਹੋਰ ਸੰਦ। ਤਿੱਤਰਾਂ ਦਾ ਪਿੰਜਰਾ ਟੰਗਿਆ ਹੋਇਆ ਹੈ। ਵਿਹੜੇ ਵਿਚ ਲਿੱਪੀ ਹੋਈ ਖੁਲ੍ਹੀ ਰਸੋਈ, ਚੱਲ੍ਹਾ ਤੇ ਭਾਂਡੇ ਟੀਂਡੇ। ਇਕ ਬੂਹਾ ਗਲੀ ਵਿਚ ਖੁਲ੍ਹਦਾ ਹੈ।
ਸੰਤੀ ਭੱਠੀ ਵਿਚ ਕੋਲੇ ਸੁੱਟ ਰਹੀ ਹੈ ਤੇ ਉਸ ਦਾ ਬਾਰਾਂ ਸਾਲ ਦਾ ਪੁੱਤ ਦੀਪਾ ਖੱਲ ਦੀ ਧੌਂਕਣੀ ਚਲਾ ਰਿਹਾ ਹੈ। ਬੈਣੋ ਸਿਰ ਉਤੇ ਪਾਣੀ ਦਾ ਘੜਾ ਚੁਕੀ ਗਲੀ ਵਿਚੋਂ ਆਉਂਦੀ ਹੈ। ਸੰਤੀ ਭੱਠੀ ਤੋਂ ਉਠ ਕੇ ਉਸ ਦਾ ਘੜਾ ਲਹਾਉਂਦੀ ਹੈ। ਬੈਣੋ ਖੂੰਜੇ ਵਿਚ ਘੜਾ ਰੱਖ ਕੇ ਭਿੱਜੀ ਹੋਈ ਕੁੜਤੀ ਛੰਡਦੀ ਹੈ। ਪਿੰਜਰੇ ਨੂੰ ਦੇਖਦੀ ਹੈ ਤੇ ਤਿੱਤਰਾਂ ਨੂੰ ਚੋਗਾ ਪਾਉਂਦੀ ਹੈ। ਉਹ ਹਰੀ ਚੁੰਨੀ ਲਈ ਢਾਕ ਉਤੇ ਦੋਹਣਾ ਰੱਖ ਕੇ ਵਿਹੜੇ ਵਿਚੋਂ ਨਿਕਲਦੀ ਹੈ।
ਸੰਤੀ : ਕਿਧਰ ਚੱਲੀ ਐ ਦੋਹਣਾ ਚੁਕ ਕੇ ?
ਬੈਣੋ : ਧਾਰ ਕੱਢਣ।
ਸੰਤੀ : ਐਡੀ ਛੇਤੀ ? ਡੰਗਰ ਹੁਣੇ ਬਾਹਰੋਂ ਆਏ ਨੇ, ਧਾਰ ਕੱਢਣ ਦਾ ਵੇਲਾ ਨਹੀ ਹੋਇਆ।
ਬੈਣੋ : ਗਾਂ ਨੂੰ ਹੁਣੇ ਚੋ ਲਿਆਵਾਂ, ਨਹੀਂ ਤਾਂ ਲੇਵਾ ਆਕੜ ਜਾਊ। ਮੇਰੀਆਂ ਬਿੜਕਾਂ ਭੰਨਦੀ ਹੋਊ। ਜੇ ਰਤਾ ਚਿਰ ਹੋ ਜਾਏ ਤਾਂ ਸਿੰਗਾਂ ਤੇ ਚੁੱਕਣ ਨੂੰ ਆਉਂਦੀ ਐ।
ਸੰਤੀ : ਹਾਲੇ ਤਾਂ ਦਿਨ ਵੀ ਨਹੀਂ ਛਿਪਿਆ।
ਬੈਣੋ : ਦਿਨ ਛਿਪੇ ਜਾਵਾ ਤਾਂ ਤੂੰ ਗੁੱਸੇ ਹੁੰਨੀ ਐਂ ਕਿ ਕੁਵੇਲੇ ਕਿਉਂ ਤੁਰੀ ਫਿਰਦੀ ਐਂ।
ਸੰਤੀ : ਜਾਹ ਫੇਰ। ਪਰ ਉਥੇ ਹੀ ਨਾ ਬੈਠੀ ਰਹੀ। ਵਾੜੇ ਵਿਚ ਦੁੱਧ ਦਾ ਛਿੱਟਾ ਦੇਣਾ ਨਾ ਭੁੱਲੀ ਨਹੀਂ ਤਾਂ ਗੁੱਗਾ ਪੀਰ ਰੁੱਸ ਜਾਊ। ਚੁਮਾਸੇ ਦੇ ਦਿਨ ਨੇ। ਦੀਵਾ ਬਾਲ ਕੇ ਰਖ ਆਵੀਂ ਤੇ ਛੇਤੀ ਮੁੜੀਂ।
ਦੀਪਾ : ਹਾਲੇ ਤਾਂ ਦਿਨ ਵੀ ਨਹੀਂ ਛਿਪਿਆ।
ਬੈਣੇ : ਤੂੰ ਭੱਠੀ ਤੇ ਬੈਠ ਤੇ ਇਥੋਂ ਦਾ ਕੰਮ ਕਰ। (ਬੈਣੋ ਜਾਂਦੀ ਹੈ।)
ਸੰਤੀ : ਤੂੰ ਕਿਥੇ ਚਲਿਐਂ ? ਹੁਣ ਤੇਰਾ ਬਾਪੂ ਆਉਣ ਵਾਲਾ ਐ। ਫਾਲੇ ਤੇ ਕਹੀਆਂ ਪਏ ਨੇ, ਉਹਨਾਂ ਨੂੰ ਡੰਗਣਾ ਐ।
ਦੀਪਾ : ਗਲੀ ਵਿਚ ਮੇਰੇ ਹਾਣੀ ਖੇਡਦੇ ਸੁਣਾਈ ਦੇਂਦੇ ਨੇ। ਬਾਪੂ ਦੇ ਆਉਣ ਤੋਂ ਪਹਿਲਾਂ ਹੀ ਮੁੜ ਆਊਂ।