ਸੰਤੀ : ਲੈ ਉਹ ਆ ਗਿਆ।
ਦੀਪਾ : ਇਹ ਬਾਪੂ ਨਹੀਂ।
ਸੰਤੀ : ਕੌਣ ਐ ?
ਦੀਪਾ : ਇਹ ਤਾਂ ਗੱਜਣ ਚਾਚਾ ਐ। (ਗੱਜਣ ਹਲ ਚੁਕੀ ਦਾਖ਼ਿਲ ਹੁੰਦਾ ਹੈ।)
ਗੱਜਣ : ਕਾਕੂ ਕਿਥੇ ਐ ?
ਸੰਤੀ : ਕਾਂਸੀ ਪਰੋਹਤ ਕੋਲ ਗਿਐ ਬੈਣੋ ਦੇ ਵਿਆਹ ਦਾ ਦਿਨ ਧਰਨ।
ਗੱਜਣ : ਕੋਈ ਮੁੰਡਾ ਟੋਲ੍ਹ ਲਿਆ ?
ਸੰਤੀ : ਹਾਂ, ਮੌੜਾਂ ਵਾਲੇ ਲਹਾਰ ਦਾ ਪੁਤ।
ਗੱਜਣ : ਚੰਗਾ ਕੀਤਾ। ਹੁਣ ਉਹ ਜੁਆਨ ਹੋ ਗਈ ਤੇ ਵਿਆਹੁਣ ਦੀ ਉਮਰ ਐ। ਸਮਾਂ ਬੀਤਦੇ ਕੀ ਚਿਰ ਲਗਦੈ ਹਾਲੇ ਕੱਲ੍ਹ ਦੀ ਗੱਲ ਐ ਉਹ ਵੇਹੜੇ ਵਿਚ ਗੁੱਡੀਆਂ ਪਟੋਲੇ ਖੇਡਦੀ ਸੀ। ਦਿਨਾਂ ਵਿਚ ਹੀ ਵੱਡੀ ਹੋ ਗਈ। (ਕਾਕੂ ਦਾਖ਼ਿਲ ਹੁੰਦਾ ਹੈ।)
ਸੰਤੀ : ਬੜਾ ਚਿਰ ਲਾ ਕੇ ਆਇਐਂ ?
ਕਾਕੂ : ਪਰੋਹਤ ਕੋਲ ਹੀ ਚਿਰ ਲਗ ਗਿਆ। ਮੌੜਾਂ ਤੋਂ ਬੈਣੋ ਦਾ ਸਹੁਰਾ ਆਇਆ ਹੋਇਆ ਸੀ। ਅਸੀਂ ਮਹੂਰਤ ਕਢਵਾ ਲਿਆ। ਅੱਸੂ ਦਾ ਸਾਹਾ ਨਿਕਲਿਆ। ਪੈਂਚਵੀਂ ਨੂੰ ਵਿਆਹ ਕਰ ਦਿਆਂਗੇ । ਵਿਆਹ ਉੱਤੇ ਤਿੰਨ ਦਿਨ ਜੰਝ ਰਖਾਂਗੇ। ਤਿੰਨ ਦਿਨ ਕੁੜਮਾਂ ਦੀ ਟਹਿਲ। ਰਜਾ ਕੇ ਤੋਰੂੰ ਪਿੰਡ ਵਾਲੇ ਯਾਦ ਰਖਣਗੇ।
ਸੰਤੀ : ਐਵੇਂ ਫੜ੍ਹਾਂ ਨਾ ਮਾਰ। ਜਿਸ ਨੇ ਧੀ ਦੇ ਦਿਤੀ ਉਸ ਨੇ ਸਭ ਕੁਝ ਦੇ ਦਿਤਾ।
ਗੱਜਣ : ਮੈਂ ਬੈਣੋ ਨੂੰ ਰੇਸ਼ਮੀ ਜੋੜਾ ਪਾਊਂ।
ਕਾਕੂ : ਆਪਣੇ ਘਰ ਤਾਂ ਰੇਸ਼ਮੀ ਜੋੜੇ ਵਾਲੀ ਨਾ ਲਿਆਂਦੀ। (ਹੱਸਦਾ ਹੈ)
ਸੰਤੀ : ਦੋ ਮੰਨੀਆਂ ਪਕਾਉਣ ਲਈ ਆਪ ਚੁੱਲ੍ਹੇ ਵਿਚ ਫੂਕਾਂ ਮਾਰਨੀਆਂ ਪੈਂਦੀਆਂ ਨੇ। ਤੀਵੀਂ ਹੁੰਦੀ ਤਾਂ ਪੱਕੀਆਂ ਪਕਾਈਆਂ ਮਿਲਦੀਆਂ। ਚੁੱਲ੍ਹਾ ਬਲਦਾ ਤੇ ਘਰ ਵਿਚ ਸੁਖ ਹੁੰਦਾ।
ਗੱਜਣ : ਭਾਬੀ ਸੰਤੀਏ! ਚੰਗੇ ਚੰਗੇ ਘਰਾਂ ਦੇ ਸਾਕ ਆਏ ਮੈਨੂੰ, ਖਰਬੂਜ਼ੇ ਵਰਗੀਆਂ ਕੁੜੀਆਂ। ਪਰ ਮੈਂ ਹਾਮੀ ਨਾ ਓਟੀ। ਕਬੀਲਦਾਰੀ ਵਿਚ ਫਸ ਕੇ ਘਰ ਜੋਗਾ ਰਹਿ ਜਾਂਦਾ।
ਸੰਤੀ : ਤੈਨੂੰ ਕਬੀਲਦਾਰੀ ਦੇ ਸੁਖ ਦਾ ਕੀ ਪਤਾ। ਮੈਂ ਤਾਂ ਚੁੱਲ੍ਹੇ 'ਤੇ ਬੈਠੀ ਰਾਜ ਕਰਦੀ ਹਾਂ।
ਕਾਕੂ : ਏਸ ਹਥੌੜੇ ਦੀ ਬਰਕਤ ਹੈ ਸਾਰੀ। ਲੋਹੇ ਵਿਚੋਂ ਹੀ ਅਨਾਜ ਉਗਦਾ ਹੈ। ਇਹ ਲੋਹੇ ਦਾ ਫਾਲਾ ਧਰਤੀ ਦੀ ਹਿਕ ਚੀਰਦਾ ਹੈ ਤਾਂ ਬੀਜ ਫੁਟਦਾ ਹੈ। ਫ਼ਸਲਾਂ ਲਹਿਲਹਾਉਂਦੀਆਂ ਨੇ। ਦਾਣਿਆਂ ਨਾਲ ਭੜੋਲੇ ਭਰਦੇ ਨੇ। ਤੇ ਏਸੇ ਲੋਹੇ ਵਿਚੋਂ ਹੀ ਦਾਰੂ ਦੀਆਂ ਬੋਤਲਾਂ ਨਿਕਲਦੀਆਂ ਨੇ। (ਹੱਸਦਾ ਹੈ)
ਸੰਤੀ : ਮਰਦ ਪਤਾ ਨਹੀਂ ਕਿਉਂ ਦਾਰੂ ਪੀਂਦੇ ਨੇ ? ਕਾਹਦਾ ਦੁੱਖ ਹੁੰਦੈ ਇਹਨਾਂ ਨੂੰ ? ਜੇ ਫ਼ਸਲਾਂ ਪੱਕੀਆਂ ਨੇ ਤਾਂ ਦਾਰੂ ਪੀਂਦੇ ਨੇ, ਜੇ ਸੋਕਾ ਪੈ ਜਾਵੇ ਤਾਂ ਦਾਰੂ ਪੀਂਦੇ ਨੇ। ਖ਼ੁਸ਼ੀ ਹੋਵੇ ਜਾਂ ਗ਼ਮੀ ਹੋਵੇ ਇਹਨਾਂ ਨੂੰ ਤਾਂ ਬਸ ਬਹਾਨਾ ਚਾਹੀਦੈ।