ਕਾਕੂ : ਓਏ ਕਮਲਿਓ! ਜੇ ਮੁੰਡਾ ਖੇਤ ਵਿਚ ਹਲ ਚਲਾਉਂਦਾ ਹੋਵੇ ਜਾਂ ਅਹਿਰਨ ਉੱਤੇ ਲੋਹਾ ਕੁਟਦਾ ਹੋਵੇ ਤਾਂ ਉਸ ਵਿਚ ਕੋਈ ਨੁਕਸ ਨਹੀਂ ਪੈਂਦਾ। ਉਹਨਾਂ ਦੀ ਕੁੜੀ ਦੇ ਚਾਲੇ ਹੀ ਨਹੀਂ ਸਨ ਚੰਗੇ।
ਬਾਰੂ : ਪਰ ਬਿਸ਼ਨੇ ਦੇ ਕੁੜਮ ਰੁਪਈਏ ਦੇ ਭੁੱਖੇ ਸਨ। ਨੂੰਹ ਨੂੰ ਧੱਕੇ ਦੇ ਕੇ ਮਾਪਿਆਂ ਦੇ ਘਰ ਤੋਰ ਦਿਤਾ ਕਿ ਇਹ ਬਦਚਲਨ ਐ। ਹੁਣ ਉਹ ਰਾਤ ਨੂੰ ਵਿਹੜੇ ਵਿਚ ਕੂਕਾਂ ਮਾਰਦੀ ਹੈ — ਮੈਂ ਕੁਆਰੀ ਆਂ ਵੇ ਲੋਕੋ। ਮੈਂ ਕੁਆਰੀ ਆਂ!
ਕਾਕੂ : ਐਵੇਂ ਪਾਖੰਡ ਕਰਦੀ ਹੈ। ਇਹੋ ਜਿਹੀ ਧੀ ਬਾਪ ਦੀ ਮਿੱਟੀ ਪੁੱਟਣ ਲਈ ਹੀ ਜੰਮਦੀ ਹੈ। (ਹਲ ਦਾ ਫਾਲਾ ਠੋਕ ਕੇ) ਲੈ ਬਈ ਤੇਰਾ ਹਲ ਤਿਆਰ ਐ ਤਲੋਕਿਆ। (ਤਿੰਨੇ ਜਾਂਦੇ ਹਨ।)
(ਹਾਕ ਮਾਰ ਕੇ) ਦੀਵਾ ਬਾਲ ਲਿਆਵੀਂ। ਕੁਵੇਲਾ ਹੋ ਗਿਆ।
(ਸੰਤੀ ਦੀਵਾ ਬਾਲ ਕੇ ਲਿਆਉਂਦੀ ਹੈ। ਕਾਕੂ ਫਾਲਾ ਕੁੱਟਦਾ ਹੈ।)
ਸੰਤੀ : ਰੋਟੀ ਖਾ ਲੈ, ਸਵੇਰ ਦਾ ਘਰੋਂ ਨਿਕਲਿਆ ਹੋਇਆ ਸੈਂ। ਰੋਟੀ ਠੰਢੀ ਹੋ ਜਾਊ।
ਕਾਕੂ : ਜੇ ਲੋਹਾ ਠੰਢਾ ਹੋ ਜਾਵੇ ਤਾਂ ਮਾੜਾ। ਇਸ ਵੇਲੇ ਫਾਲੇ ਲਾਲ ਸੂਹੇ ਹੋਏ ਪਏ ਨੇ, ਇਹਨਾਂ ਨੂੰ ਚੰਡਣਾ ਚਾਹੀਦੈ। ਬਸ ਤਿੰਨ ਕੁ ਹੋਰ ਰਹਿੰਦੇ ਨੇ। ਕਿਥੈ ਐ ਮੇਰੀ ਛੈਣੀ ?
ਦੀਪਾ : ਪਤਾ ਨਹੀਂ।
ਕਾਕੂ : ਛੈਣੀ ਕਿਥੇ ਐ ਬੈਣੋ ਦੀ ਮਾਂ ?
ਸੰਤੀ : ਏਥੇ ਈ ਕਿਤੇ ਰਖੀ ਹੋਣੀ ਐ ਬੈਣੋ ਨੇ।
ਕਾਕੂ : ਉਹ ਕੀ ਕਰਦੀ ਸੀ ਛੈਣੀ ਨਾਲ ?
ਸੰਤੀ : ਐਥੇ ਈ ਕਿਤੇ ਹੋਊ।
ਕਾਕੂ : ਤੂੰ ਲਭ ਦੇਹ।
ਸੰਤੀ : ਉਹੀ ਆ ਕੇ ਲੱਭ ਦੇਊ।
ਕਾਕੂ : ਕਿਥੇ ਐ ਉਹ ?
ਸੰਤੀ : ਗਾਂ ਦੀ ਧਾਰ ਕਢਣ ਗਈ ਐ।
ਕਾਕੂ : ਇਕੱਲੀ ?
ਸੰਤੀ : ਹਾਂ।
ਕਾਕੂ : ਤੈਨੂੰ ਐਨੀ ਵਾਰ ਆਖਿਐ ਕਿ ਉਸ ਨੂੰ ਵਾੜੇ ਵਿਚ ਦੁੱਧ ਚੋਣ ਇਕੱਲੀ ਨਾ ਭੇਜਿਆ ਕਰ।
ਸੰਤੀ : ਹੁਣੇ ਆ ਜਾਂਦੀ ਐ।
ਕਾਕੂ : ਤੂੰ ਆਪ ਕਿਉਂ ਨਾ ਗਈ ?
ਸੰਤੀ : ਮੈਂ ਇਕੱਲੀ ਕਿਧਰ ਕਿਧਰ ਜਾਵਾਂ ? ਟੋਭੇ ਉੱਤੇ ਕਪੜੇ ਧੋਣ ਗਈ ਭਾਂਡੇ ਮਾਂਜੇ, ਰੋਟੀਆਂ ਥੱਪੀਆਂ ਤੇ ਭੱਠੀ ਧੁਖਾਈ।
ਕਾਕੂ : ਰੋਟੀਆਂ ਠਹਿਰ ਕੇ ਥੱਪ ਲੈਂਦੀ ਜਾਂ ਉਸ ਨੂੰ ਆਖਦੀ ਉਹ ਪਕਾ ਲੈਂਦੀ। ਕਿੰਨਾ ਚਿਰ ਹੋ ਗਿਆ ਉਸ ਨੂੰ ਗਈ ਨੂੰ ?
ਦੀਪਾ : ਕਦੋ ਦੀ ਗਈ ਐ ਬਾਪੂ। ਮੈਂ ਜਾਵਾਂ ?