ਬੈਣੋ : ਹਾਂ ਲੁਹਾਰਾ! ਏਸੇ ਲਈ ਮੇਰਾ ਜੀਅ ਉਸ ਤੋਂ ਨਫ਼ਰਤ ਖਾਂਦਾ ਐ।
ਕਾਕੂ : ਤੇਰੀ ਸੁਰਤ ਟਿਕਾਣੇ ਹੈ ਕਿ ਨਹੀਂ ?
ਬੈਣੋ : ਨਹੀਂ।
ਕਾਕੂ : ਕੀ ਆਖਿਆ ?
ਬੈਣੋ : ਨਹੀਂ, ਮੇਰੀ ਸੁਰਤ ਟਿਕਾਣੇ ਨਹੀਂ। ਮੈਂ ਰੋਜ਼ ਦਾ ਇਹ ਝੂਠ ਮੁਕਾ ਦਿਆਗੀ।
ਕਾਕੂ : ਕੌਣ ਮਾਰਦਾ ਐ ਝੂਠ ?
ਬੈਣੋ : ਮੈਂ।
ਕਾਕੂ : ਕੀ ?
ਬੈਣੋ : ਮੈਂ ਮਾਰਿਆ ਸੀ ਝੂਠ। ਮੈਂ ਇਹ ਗੱਲ ਲੁਕਾਉਂਦੀ ਰਹੀ। ਪਰ ਅੱਜ ਇਸ ਦਾ ਨਿਤਾਰਾ ਕਰ ਕੇ ਹਟੂੰ। ਮੈਂ ਉਸੇ ਨੂੰ ਮਿਲਣ ਗਈ ਸਾਂ –
ਕਾਕੂ : ਤੂੰ ਮੇਰੀ ਧੀ ਨਹੀਂ ਕਿਸੇ ਬੇਈਮਾਨ ਦੀ ਜਣੀ ਐਂ। ਦੇਖਦੀ ਕੀ ਏਂ ? ਸੁਣਦੀ ਨਹੀਂ ?
ਬੈਣੋ : ਨਹੀਂ।
ਕਾਕੂ : ਕੀ ?
ਬੈਣੋ : ਮੈਂ ਕੁਝ ਨਹੀਂ ਸੁਣਿਆ। ਮੇਰੀ ਸੰਘੀ ਘੁੱਟ ਦਿਉ। ਮੈਨੂੰ ਵਢ ਦਿਉ-
ਕਾਕੂ : ਤੂੰ ਇਹ ਲੱਛਣ ਛਡ ਦੇਹ ਕੁਪੱਤੀਏ। ਏਸ ਤਰ੍ਹਾਂ-
ਬੈਣੋ : ਹਾਂ ਏਸ ਤਰ੍ਹਾਂ... ਮੈਂ ਨਹੀਂ ਰਹਿਣਾ! ਨਹੀਂ! ਨਹੀਂ!! ਸੌ ਵਾਰੀ ਨਹੀਂ!!
ਕਾਕੂ : (ਉਸ ਦੀ ਬਾਂਹ ਮਰੋੜ ਕੇ) ਮਿਲੇਂਗੀ ਉਸ ਨੂੰ ? ਮਿਲੇਂਗੀ ? ਮਿਲੇਂਗੀ ?
ਬੈਣੋ : ਨਹੀਂ। ਛੱਡ ...ਨਹੀਂ... ਛੱਡ (ਸੰਤੀ ਦੌੜ ਕੇ ਆਉਂਦੀ ਹੈ)
ਸੰਤੀ : ਕਿਉਂ ਘੁਲਣ ਲਗਿਐਂ ਕੁੜੀ ਨਾਲ ? ਛੱਡ ਮੇਰੀ ਧੀ ਨੂੰ।
ਕਾਕੂ : ਜਦੋਂ ਮੈਂ ਇਸ ਨੂੰ ਸਾਹਮਣੇ ਬੋਲਦੀ ਦੇਖਦਾ ਆ, ਤਾਂ ਮੈਨੂੰ ਅੱਗ ਲਗ ਜਾਂਦੀ ਐ। ਲੈ ਜਾ ਇਸ ਬੇਹਯਾ ਨੂੰ ਅੰਦਰ। (ਬੈਣੋ ਅੰਦਰ ਜਾਂਦੀ ਹੈ।)
ਸੰਤੀ : ਕਿਉਂ ਲੋਹਾ ਲਾਖਾ ਹੋਣ ਲਗਿਐਂ? ਜੁਆਨ ਧੀ ਉੱਤੇ ਹੱਥ ਚੁੱਕਦੇ ਨੂੰ ਸਾਰਾ ਜਗ ਦੇਖਦਾ ਐ।
ਕਾਕੂ : ਦੇਖਣ ਦੇ। ਮੈਨੂੰ ਕਿਸੇ ਦੀ ਧੌਂਸ ਐ ? ਮੈਂ ਪਿੰਡ ਵਿਚ ਸਿਰ ਨੀਵਾਂ ਕਰ ਕੇ ਨਹੀਂ ਤੁਰਨਾ। ਮੈਂ ਤਾਂ ਸਿੱਧੀ ਸਰੰਗ ਕਰ ਦੇਊਂ। ਦੂਰ ਹੋ ਜਾਹ ਮੇਰੀਆਂ ਅੱਖਾਂ ਤੋਂ। (ਬੈਣੋ ਅੱਥਰੂ ਪੂੰਝਦੀ ਅੰਦਰ ਜਾਂਦੀ ਹੈ।) ਇਸ ਨੇ ਮੇਰਾ ਰੋਹ ਹਾਲੇ ਦੇਖਿਆ ਨਹੀਂ। ਜੇ ਕਦੇ ਕੁਸਕ ਵੀ ਜਾਏ। ਤੇਰੀ ਸਿਰ ਚੜ੍ਹਾਈ ਹੋਈ ਐ। ਤੂੰ ਇਸ ਦੀ ਹਮਾਇਤ ਕਰਦੀ ਐ। ਨਿਆਣੀ ਐ ਕੀ ਹੋਇਆ, ਟੋਭੇ ਤੇ ਕਪੜੇ ਧੋਣ ਚਲੀ ਗਈ ਤਾਂ ਕੀ ਹੋਇਆ ਵਾੜੇ 'ਚ ਧਾਰ ਕੱਢਣ ਲਈ ਗਈ ਤਾਂ ਕੀ ਹੋਇਆ। ਦੇਖਦੀ ਐਂ ਹੁਣ ਏਸ ਤਾਂ ਕੀ ਹੋਇਆ ਨੂੰ।
ਸੰਤੀ : ਤੂੰ ਉਸ ਉਤੇ ਹੱਥ ਚੁਕਿਆ ਤਾਂ ਹੀ ਉਹ ਮੂਹਰੇ ਬੋਲਦੀ ਐ। ਜੁਆਨ ਧੀ ਪੁੱਤ ਨੂੰ ਅੰਦਰ ਵੜ ਕੇ ਸਮਝਾਈਦੈ।
ਕਾਕੂ : ਉਹ ਸਮਝੇ ਵੀ। ਜੇ ਮੇਰੀ ਧੀ ਹੁੰਦੀ ਤਾਂ ਮਜਾਲ ਐ ਕਿਸੇ ਵੱਲ ਝਾਕ ਜਾਂਦੀ।
ਸੰਤੀ : ਉਹ ਤੇਰੀ ਧੀ ਐ ਇਸੇ ਕਰ ਕੇ ਅੜ੍ਹਬ ਐ।