Back ArrowLogo
Info
Profile

ਕਾਕੂ : ਤੇਰੇ ਉੱਤੇ ਗਈ ਐ। ਚੰਗੀ ਭਲੀ ਸੀ। ਘਰ ਦਾ ਕੰਮ ਕਰਦੀ। ਅੱਖ ਦੀ ਸ਼ਰਮ ਮੰਨਦੀ। ਪਰ ਇਕ ਦਮ ਉਸ ਨੇ ਸਾਰੀ ਸ਼ਰਮ ਲਾਹ ਸੁੱਟੀ। ਚੰਦਰੀ ਔਲਾਦ! ਕੋਈ ਗੱਲ ਠੀਕ ਨਹੀਂ, ਕੋਈ ਤੌਰ ਠੀਕ ਨਹੀਂ। ਤੇ ਠੀਕ ਹੋਵੇ ਵੀ ਕਿਵੇਂ ? ਤੂੰ ਕਿਹੜਾ ਠੀਕ ਸੈਂ। ਏਸ ਘਰ ਵਿਚ ਆਉਣ ਪਿਛੋਂ ਸਾਲ ਭਰ ਨਹੀਂ ਸੀ ਬੋਲੀ ਮੇਰੇ ਨਾਲ।

ਸੰਤੀ : ਕਿਉਂ ਪੁਰਾਣੀਆਂ ਗੱਲਾਂ ਛੇੜਦਾ ਐਂ।

ਕਾਕੂ : ਪੰਜ ਸਾਲ ਲੱਗੇ ਸਨ ਤੈਨੂੰ... ਸ਼ਾਇਦ ਸੱਤ ਸਾਲ, ਤਾਂ ਜਾ ਕੇ ਕਿਤੇ ਸਿਧੇ ਮੂੰਹ ਗੱਲ ਕੀਤੀ ਤੂੰ ਮੇਰੇ ਨਾਲ। ਮੈਂ ਤੇਰੀ ਹਰ ਖ਼ਾਤਰ ਕੀਤੀ, ਪਰ ਤੂੰ ਸਦਾ ਆਪਣੇ ਪੇਕਿਆਂ ਦੀ ਹੀ ਬਣੀ ਰਹੀ। ਗੱਲ ਕਰਨ ਲਈ ਆਖਦਾ ਤਾਂ ਚੁਪ ਹੋ ਜਾਂਦੀ.. ਕਿਸੇ ਟੂਣੇ ਕੀਤੇ ਪੁਤਲੇ ਵਾਂਗ । ਤੂੰ ਇਸ ਘਰ ਵਿਚ ਬੇਗਾਨਿਆਂ ਵਾਂਗ ਰਹੀ।

ਸੰਤੀ : ਉਹਨਾਂ ਦਿਨਾਂ ਦੇ ਮੇਹਣੇ ਨਾਂ ਦੇਹ, ਮੇਰੇ ਕਾਲਜੇ ਨੂੰ ਅੱਗ ਲੱਗ ਜਾਂਦੀ ਐ। (ਬਾਹਰੋਂ ਆਵਾਜ਼)

ਆਵਾਜ਼ : ਕਾਕੂ ਘਰ ਹੈ ? ਕਾਕੂ! (ਕਾਕੂ ਬਾਹਰ ਆਉਂਦਾ ਹੈ)

ਕਾਕੂ : (ਝਾਕ ਕੇ) ਕੀ ਗੱਲ ਹੈ ਹਵਾਲਦਾਰ ਜੀ ?

ਸਿਪਾਹੀ : ਡਾਕ ਬੰਗਲੇ ਵਿਚ ਥਾਣੇਦਾਰ ਸਾਹਿਬ ਉਤਰੇ ਨੇ।

ਕਾਕੂ :ਹੁਕਮ।

ਸਿਪਾਹੀ : ਉਹਨਾਂ ਦੀ ਘੋੜੀ ਦੇ ਨਾਅਲ ਲੱਥ ਗਏ ਨੇ। ਤੜਕੇ ਉਹਨਾਂ ਨੇ ਦੌਰੇ ਤੇ ਜਾਣਾ ਹੈ। ਮੇਰੇ ਨਾਲ ਚੱਲ।

ਕਾਕੂ : ਤੁਸੀਂ ਘੋੜੀ ਨੂੰ ਇਥੇ ਹੀ ਲੈ ਆਉਣਾ ਸੀ। ਇਥੇ ਭੱਠੀ ਭਖੀ ਹੋਈ ਐ। ਸਭ ਸੰਦ ਇਥੇ ਨੇ। ਤੁਸੀਂ ਦੇਖਦੇ ਨਹੀਂ ਉਤੋਂ ਰਾਤ ਉਤਰ ਪਈ ਐ। ਮੈਂ ਉਥੇ ਭੱਠੀ ਕਿਵੇਂ ਭਖਾਵਾਂਗਾ ?

ਸਿਪਾਹੀ : ਮੈਨੂੰ ਹੁਕਮ ਐ ਤੈਨੂੰ ਬੁਲਾ ਕੇ ਲਿਆਵਾਂ। (ਸਿਪਾਹੀ ਨਾਲ ਕਾਕੂ ਜਾਂਦਾ ਹੈ।)

ਸੰਤੀ : ਕਿੰਨੀ ਵਾਰ ਸਮਝਾਇਆ ਕਿ ਆਪਣੇ ਬਾਪੂ ਦੇ ਸਾਹਮਣੇ ਨਾ ਬੋਲਿਆ ਕਰ। ਪਰ ਤੇਰਾ ਮੱਥਾ ਗਰਮ ਹੀ ਰਹਿੰਦਾ ਐ। ਚੁੱਪ ਕਿਉਂ ਐਂ ? ਬੋਲ ? ਕੁਝ ਤਾਂ ਬੋਲ। ਆਪਣੀ ਮਾਂ ਨਾਲ ਗੱਲ ਕਰ ਧੀਏ। ਐਨਾ ਗੁੱਸਾ ? ਤੇਰੇ ਭਲੇ ਲਈ ਆਖਦੀ ਹਾਂ। ਆਖ਼ਿਰ ਤੇਰੀ ਮਾਂ ਹਾਂ, ਵੈਰਨ ਤਾਂ ਨਹੀਂ। ਬੋਲ ਤੇਰੀ ਚੁੱਪ ਮੈਨੂੰ ਤੜਪਾ ਰਹੀ ਹੈ। ਕੁਝ ਹੀ ਬੋਲ ਮੇਰੀ ਲਾਡੋ। ਤੇਰੀ ਅੱਲ੍ਹੜ ਉਮਰ ਐ, ਤੈਨੂੰ ਪਤਾ ਨਹੀਂ। ਤੇਰੇ ਸਿਰ ਵਿਚ ਕੀ ਧੂੜ ਦਿਤਾ ਉਸ ਨੇ ? ਕਿਉਂ ਸਾਡੀ ਮਿੱਟੀ ਪੁੱਟਣ ਲੱਗੀ ਐਂ ?

ਬੈਣੋ :  ਕੀ ਕਰਾਂ ਮੇਰੀਏ ਮਾਏਂ ? ਮੈਂ ਕਿਸੇ ਹੋਰ ਮਿੱਟੀ ਦੀ ਬਣੀ ਆਂ। ਮੇਰੀਆਂ ਛਾਤੀਆਂ ਵਿਚ ਸੂਰਜ ਤਪਦੇ ਨੇ । ਜੀਅ ਕਰਦੈ ਠੰਢੇ ਦੁੱਧ ਦਾ ਖੂਹ ਪੀ ਜਾਵਾਂ, ਤਾਂ ਜੁ ਠੰਢ ਪਵੇ। ਰਾਤ ਨੂੰ ਮੈਂ ਸੌਂ ਨਹੀਂ ਸਕਦੀ। ਹੇ ਰੱਬਾ! ਮੇਰੇ ਜਿਸਮ ਵਿਚ ਕਿਉਂ ਅੱਗ ਭਰ ਦਿਤੀ ? ਜੀਅ ਕਰਦੈ ਹਨ੍ਹੇਰੀਆਂ ਰਾਤਾਂ ਨੂੰ ਕਾਲੇ ਵਿਹੜੇ ਵਿਚ ਘੁੰਮਦੀ ਫਿਰਾਂ। ਮੁੱਕੀਆਂ ਮਾਰ ਮਾਰ ਕੇ ਭੰਨ ਸੁੱਟਾਂ ਇਸ ਵਿਹੜੇ ਦੀਆਂ ਕੰਧਾਂ ਨੂੰ।

20 / 54
Previous
Next