ਬਣਸੋ : ਸਾਂਭ ਕੇ ਰੱਖ ਆਪਣੇ ਮਰਦ ਨੂੰ। ਉਸ ਰਾਤ ਤੂੰ ਮੇਰੇ ਬੂਹੇ ਉੱਤੇ ਦੁਹੱਥੜ ਮਾਰੇ ਤਾਂ ਮੈਂ ਆਖਿਆ, ਪਿੱਟੀ ਜਾਹ ਆਪਣੇ ਖਸਮ ਨੂੰ। ਮਾਰ ਟੱਕਰਾਂ ਕੰਧ ਨਾਲ। ਜੇ ਉਸ ਨੇ ਡੱਬ ਵਿੱਚ ਬੋਤਲ ਦੇ ਕੇ ਮੇਰੇ ਕੋਲ ਆਉਣਾ ਹੈ ਤਾਂ ਤੇਰੇ ਵਰਗੀਆਂ ਸੌ ਜਣੀਆਂ ਨਹੀਂ ਰੋਕ ਸਕਦੀਆਂ। ਸਭ ਦੇ ਸਾਹਮਣੇ ਹਿੱਕ ਠੋਕ ਕੇ ਰਹਿੰਦੀ ਹਾਂ। ਜੇ ਇਸ ਤਰ੍ਹਾਂ ਨਾ ਰਹਾਂ ਤਾਂ ਤੇਰੇ ਵਰਗੀਆਂ ਮੈਨੂੰ ਦੋ ਦਿਨ ਨਾ ਜੀਣ ਦੇਣ। ਕਿਸੇ ਦਾ ਦਿੱਤਾ ਖਾਨੀ ਆਂ ? ਰੋਟੀਆਂ ਲਾਉਂਦੀ ਹਾਂ ਪਰ ਜੇ ਕੋਈ ਉੱਥੇ ਪਊਆ ਪੀ ਕੇ ਆ ਜਾਵੇ ਤਾਂ ਮੇਰਾ ਕੀ ਲੈਂਦੇ ? ਤੇਰੇ ਵਾਂਗ ਮੈਂ ਸੁੱਚੀ ਕਲੀ ਦਾ ਪੋਚਾ ਨਹੀਂ ਫੇਰਦੀ।
ਸੰਤੀ : ਮੇਰਾ ਵੇਹੜਾ ਸੁੱਚਾ ਤੇ ਮੇਰੀ ਦੇਹ ਵੀ ਸੁੱਚੀ।
ਬਣਸੋ : ਤੇ ਤੇਰੀ ਧੀ ?
ਸੰਤੀ : ਮੇਰੀ ਧੀ ਵੀ ਸੁੱਚੀ।
ਬਣਸੋ : ਫੇਰ ਉਹਦੇ ਸਹੁਰਿਆਂ ਨੇ ਰਿਸ਼ਤਾ ਕਿਉਂ ਛੱਡ ਦਿੱਤਾ ?
ਸੰਤੀ : ਕੌਣ ਆਖਦੈਂ ? ਜੀਭ ਨਾ ਵੱਢ ਸੁੱਟਾਂ ਆਖਣ ਵਾਲੇ ਦੀ।
ਬਣਸੋ : ਜੇ ਨਹੀਂ ਛੱਡਿਆ ਤਾਂ ਛੱਡ ਦੇਣਗੇ।
ਸੰਤੀ : ਤੇਰੇ ਵਰਗੀਆਂ ਦਾ ਇਹੋ ਕੰਮ ਰਹਿ ਗਿਆ, ਕਿਸੇ ਦਾ ਘਰ ਉਜਾੜਨ ਜਾ ਰਿਸ਼ਤੇ ਤੋੜਨ ਦਾ। ਤੈਨੂੰ ਦੱਸ ਦੇਵਾਂ, ਪਰਸੋਂ ਹੀ ਮੁੰਡੇ ਨੂੰ ਸੋਨੇ ਦਾ ਕੜਾ ਪਾ ਕੇ ਆਏ ਹਾਂ। ਉਸ ਨੇ ਮੇਰੀ ਧੀ ਦੇਖੀ ਹੈ ਤੇ ਆਖਦੈ ਵਿਆਹ ਕਰਾਂਗਾ ਤਾਂ ਬੈਣੋ ਨਾਲ। ਕੋਈ ਨਹੀਂ ਟਾਲ ਸਕਦਾ ਇਸ ਵਿਆਹ ਨੂੰ। ਬੈਣੋ ਨੂੰ ਆਪ ਬੜਾ ਚਾਅ ਐ ਇਸ ਵਿਆਹ ਦਾ। ਅਗਲੇ ਐਤਵਾਰ ਕੁੜੀਆਂ ਨੂੰ ਗਾਉਣ ਬਿਠਾ ਦੇਣੈ। ਢੋਲਕ ਉੱਤੇ ਸਾਵੀ ਮਹਿੰਦੀ ਲਾ ਦੇਣੀ ਐਂ।
ਬਣਸੋ : ਨੀ ਛੱਡ ਇਸ ਪਖੰਡ ਨੂੰ। ਜਾਹ ਜਾ ਕੇ ਵਾੜੇ ਵਿੱਚ ਦੇਖ! ਬੈਣੋ ਧਾਰ ਕੱਢਣ ਗਈ ਹੈ ਕਿ ਸਰਬਣ ਨਾਲ ਤੂੜੀ ਵਾਲੇ ਕੋਠੇ ਵਿੱਚ ਖੇਹ ਖਾਣ। (ਛਾਤੀ ਤਾਣ ਕੇ ਬਣਸੋ ਚਲੀ ਜਾਂਦੀ ਹੈ। ਸੰਤੀ ਗੁੱਸੇ ਵਿੱਚ ਭਰੀ ਪੀਤੀ ਤੱਕਦੀ ਹੈ।)
(ਹਨੇਰਾ)
ਸੀਨ - ਦੂਜਾ
(ਸ਼ਾਮ ਦਾ ਵੇਲਾ। ਸੰਤੀ ਭੱਠੀ ਵਿੱਚੋਂ ਸੁਆਹ ਕੱਢ ਰਹੀ ਹੈ। ਹੱਥ ਸੁਆਹ ਨਾਲ ਲਿੱਬੜੇ ਹੋਏ ਹਨ। ਚਿਹਰੇ ਤੋਂ ਮੁੜ੍ਹਕਾ ਪੂੰਝਦੀ ਹੈ। ਗੱਜਣ ਦਾਖ਼ਿਲ ਹੁੰਦਾ ਹੈ ਤੇ ਸੰਤੀ ਯਕਦਮ ਮੁੜ ਕੇ ਉਸ ਵੱਲ ਕੌੜੀਆਂ ਨਜ਼ਰਾਂ ਨਾਲ ਦੇਖਦੀ ਹੈ।)
ਗੱਜਣ : ਮੇਰਾ ਹਲ ਤਿਆਰ ਹੋ ਗਿਆ ?
ਸੰਤੀ : ਹਾਂ।
ਗੱਜਣ : ਫਾਲਾ ਚੰਡ ਦਿੱਤਾ ?