(ਵਕਫਾ)
ਗੱਜਣ : ਕਾਕੂ ਕਿੱਥੇ ਗਿਆ ਏ ?
ਸੰਤੀ : ਪੰਡਿਤ ਕੋਲ ਗਿਆ ਸੀ। ਸਭ ਨਛੱਤਰ ਠੀਕ ਨੇ।
ਗੱਜਣ : ਸੰਤੀਏ, ਪੰਡਿਤਾਂ ਦੇ ਕੱਢੇ ਹੋਏ ਨਛੱਤਰ ਘੱਟ ਹੀ ਠੀਕ ਹੁੰਦੇ ਨੇ। ਤਾਰਿਆਂ ਦੀ ਚਾਲ ਦਾ ਕਿਸ ਨੂੰ ਪਤਾ ? ਸਾਉਣ ਦੇ ਬੱਦਲਾਂ ਦਾ ਕੀ ਭਰੋਸਾ, ਕਿੱਥੇ ਵੱਸਣ। ਜੱਟ ਜਦ ਹਲ ਚਲਾਉਂਦਾ ਹੈ ਤਾਂ ਸਾਉਣ ਦੇ ਬੱਦਲਾਂ ਦੀ ਕਣੀ ਬਲਦ ਦੇ ਇੱਕ ਸਿੰਗ ਉੱਤੇ ਪੈਂਦੀ ਹੈ ਤੇ ਦੂਜਾ ਸਿੰਗ ਸੁੱਕਾ। ਤੀਵੀਂ ਦਾ ਪਿਆਰ ਵੀ ਸਾਉਣ ਦਾ ਬੱਦਲ ਹੈ। ਸੰਤੀਏ, ਮੈਂ ਇਸੇ ਛਿੱਟੇ ਨੂੰ ਉਡੀਕਦਾ ਰਿਹਾ।
ਸੰਤੀ : ਕੀ ਝਾਕਦਾ ਹੈਂ ?
ਗੱਜਣ : ਤੈਨੂੰ ਦੇਖਦਾ ਹਾਂ। ਕਦੇ ਮੌਕਾ ਨਾ ਮਿਲਿਆ ਤੈਨੂੰ ਇਸ ਤਰ੍ਹਾਂ ਦੇਖਣ ਦਾ।
ਸੰਤੀ : ਉਦੋਂ ਆਇਆ ਕਰ ਜਦੋਂ ਬੈਣੋ ਦਾ ਬਾਪੂ ਘਰ ਹੋਵੇ। ਲੋਕ ਗੱਲਾਂ ਕਰਦੇ ਨੇ।
ਗੱਜਣ : ਕਿਉਂ, ਭੱਠੀ ਵਿੱਚੋਂ ਬਦਨਾਮੀ ਦਾ ਧੂੰਆ ਉਠਦਾ ਦਿਸਦੈ ?
ਸੰਤੀ : ਹਾਂ ਬਦਨਾਮੀ। ਢਾਬ ਉੱਤੇ ਮਿਲਣ ਦੀ ਬਦਨਾਮੀ ਹੁਣ ਤੀਕ ਨਹੀਂ ਗਈ।
ਗੱਜਣ : ਉਹਨਾਂ ਨੂੰ ਮੁੱਦਤਾਂ ਬੀਤ ਗਈਆਂ। ਮੈਂ ਤੇਰੇ ਨਾਲ ਦਿਲ ਦੀ ਗੱਲ ਕਰਨ ਲਈ ਸਹਿਕਦਾ ਰਿਹਾ। ਜਿੰਨਾ ਮੈਂ ਤੇਰੇ ਵੱਲ ਵਧਿਆ ਉਨਾ ਤੂੰ ਪਿੱਛੇ ਹਟਦੀ ਗਈ। ਮੇਰਾ ਮਨ ਉੱਖੜਿਆ ਉੱਖੜਿਆ ਰਹਿੰਦਾ। ਖੇਤ ਉੱਜੜ ਗਿਆ। ਕਣਕ ਦੀ ਥਾਂ ਪੋਹਲੀ ਉੱਗ ਆਈ। ਹਰ ਚੀਜ਼ ਵੀਰਾਨ। ਹਰ ਚੀਜ਼ ਸੁੰਨੀ ਤੇਰੇ ਬਗੈਰ। ਕਈ ਵਾਰੀ ਜੀਅ ਕੀਤਾ ਕਿ ਪਿੰਡ ਛੱਡ ਜਾਵਾਂ। ਪਰ ਜੱਟ ਉਦੋਂ ਪਿੰਡ ਛੱਡਦੈ ਜਦੋਂ ਉਹ ਸਾਧ ਬਣ ਜਾਏ ਜਾਂ ਕਿਸੇ ਤੀਵੀਂ ਨੂੰ ਕੱਢ ਕੇ ਲੈ ਜਾਵੇ। ਇੱਕ ਵਾਰੀ ਪਿੰਡ ਛੱਡਣ ਦਾ ਮੌਕਾ ਆਇਆ ਸੀ...ਯਾਦ ਐ ਤੂੰ ਢਾਬ ਉੱਤੇ ਦਿਨ ਛਿਪੇ ਆਉਣ ਦਾ ਇਕਰਾਰ ਕੀਤਾ ਸੀ।
ਸੰਤੀ : ਉਹ ਗੱਲ ਨਾ ਛੇੜ। ਉਹ ਗੱਲ ਉੱਥੇ ਹੀ ਮਰ ਮੁੱਕ ਗਈ। ਮੈਂ ਮੰਗੀ ਹੋਈ ਸਾਂ ਤੇ ਮੇਰਾ ਵਿਆਹ ਹੋਣ ਵਾਲਾ ਸੀ। ਕਿਵੇਂ ਆਉਂਦੀ ? ਇਹੋ ਜਿਹਾ ਕਾਰਾ ਕੋਈ ਭੈੜੀ ਤੀਵੀਂ ਹੀ ਕਰਦੀ ਹੈ।
ਗੱਜਣ : ਮੈਨੂੰ ਨਹੀਂ ਪਤਾ ਕੀ ਚੀਜ਼ ਭੈੜੀ ਐ। ਉਸ ਰਾਤ ਮੈਂ ਤੈਨੂੰ ਉਡੀਕਿਆ। ਤਾਰਿਆਂ ਦੀ ਖਿੱਤੀ ਅਸਮਾਨ ਵਿੱਚ ਢਲ ਗਈ ਤੇ ਸਰਕੰਡੇ ਹਵਾ ਵਿਚ ਝੂਮਦੇ ਰਹੇ ... ਪਰ ਤੂੰ ਨਾ ਆਈ।
ਸੰਤੀ : ਦੇਖਦਾ ਨਹੀਂ ਹੁਣ ਮੇਰੀ ਧੀ ਸਿਆਣੀ ਹੋ ਗਈ ਐ ?
ਗੱਜਣ : ਦੇਖਦਾ ਹਾਂ ? ਤੇ ਤੇਰੇ ਬਾਰੇ ਸੋਚਦਾ ਹਾਂ। ਹਮੇਸ਼ਾ ਤੇਰੇ ਹੀ ਬਾਰੇ। ਇਸੇ ਕਰ ਕੇ ਮੈਂ ਵਿਆਹ ਨਾ ਕਰਵਾਇਆ।
ਸੰਤੀ : ਮੈਨੂੰ ਇਸ ਦਾ ਮੇਹਣਾ ਨਾ ਦੇਹ!
ਗੱਜਣ : ਅਜੇ ਵੀ ਤੂੰ ਮੇਰੀ ਹਿੱਕ ਵਿੱਚ ਵਸੀ ਹੋਈ ਹੈਂ।
ਸੰਤੀ : ਹੁਣੇ ਜੇ ਉਹ ਆ ਜਾਵੇ ਤਾਂ ਤੇਰਾ ਸਿਰ ਪਾੜ ਸੁੱਟੇ।