ਸੰਤੀ : ਆਪਣਾ ਹਲ ਚੁੱਕ ਤੇ ਇਥੋਂ ਤੁਰਦਾ ਬਣ।
ਗੱਜਣ : ਤੂੰ ਸਮਝਦੀ ਐਂ ਮੈਂ ਇੱਥੇ ਹਲ ਦਾ ਫਾਲਾ ਚੰਡਾਉਣ ਆਉਂਦਾ ਹਾਂ ? ਮੈਂ ਤਾਂ ਇਸ ਵੇਹੜੇ 'ਚ ਆਉਂਦੈਂ ਤੈਨੂੰ ਦੇਖਣ ਲਈ। ਪਿੰਡ ਤੋਂ ਆਉਣ ਲੱਗੇ ਪੰਜ ਕੋਹ ਦੀ ਵਾਟ ਬਸ ਪੰਜ ਕਰਮ ਲਗਦੀ ਐ। ਕਈ ਵਾਰ ਮੈਂ ਉਸੇ ਟੋਭੇ ਉੱਤੇ ਜਾਂਦਾ ਹਾਂ ਜਿਥੇ ਤੂੰ ਤੇ ਮੈਂ ਇਕੱਠੇ ਖੇਡੇ ਸਾਂ। ਇਕੱਠੇ ਪਿੱਪਲਾਂ ਤੇ ਚੜ੍ਹੇ ਸਾਂ। ਇਕੱਠੇ ਕੌਲ ਕਰਾਰ ਕੀਤੇ ਸਨ । ਇਕੱਠੇ ਬਾਹਾਂ ਤੇ ਚੰਦ ਖੁਣਵਾਏ ਸਨ। ਆਹ ਦੇਖ ਮੇਰੀ ਬਾਂਹ ਤੇ ਹੁਣ ਤੀਕ ਇਹ ਚੰਦ ਹਰੇ ਰੰਗ ਵਿੱਚ ਚਮਕ ਰਿਹੈ -ਪੈਂਚਵੀਂ ਦਾ ਚੰਦ।
ਸੰਤੀ : ਚਲਿਆ ਜਾਹ ਮੇਰੇ ਘਰੋਂ। ਲੱਚਾ ਕਿਸੇ ਥਾਂ ਦਾ।
ਗੱਜਣ : ਤੂੰ ਗਾਲ੍ਹ ਕਢਦੀ ਹੈ, ਤਾਂ ਹੋਰ ਅੱਗ ਮੱਚਦੀ ਐ ਮੇਰੇ ਅੰਦਰ । ਤੂੰ ਜਿੰਨੀ ਮਰਜ਼ੀ ਆਏਂ ਗਾਲ੍ਹਾਂ ਕੱਢ ? ਮੈਨੂੰ ਬੁਰਾ ਆਖ ਪਰ ਤੇਰੇ ਜਿਸਮ 'ਚ ਹੁਣ ਵੀ ਕਿਤੇ ਰੜਕਦੇ ਹੋਣਗੇ ਮੇਰੇ ਹੱਥ। ਇਹਨਾਂ ਹੱਥਾਂ ਨੇ ਤੈਨੂੰ ਬੋਚ ਕੇ ਕਈ ਵਾਰ ਪਿੱਪਲ ਦੇ ਡਾਹਣੇ ਤੋਂ ਹੇਠਾਂ ਲਾਹਿਆ ਸੀ। ਇਕ ਵਾਰ ਤੇਰੀ ਚੁੰਨੀ ਟੋਭੇ ਵਿੱਚ ਡਿਗ ਪਈ ਤਾਂ ਮੈਂ ਛਾਲ ਮਾਰ ਕੇ ਕੱਢੀ ਸੀ। ਇਸੇ ਹੱਥ ਉਤੇ ਦੰਦੀ ਵੱਢ ਕੇ ਤੂੰ ਸਹੁੰ ਖਾਧੀ ਸੀ ਸਦਾ ਮੇਰੇ ਨਾਲ ਰਹਿਣ ਦੀ। ਇਹਨਾਂ ਹੱਥਾਂ ਨੂੰ ਤੂੰ ਕਿਵੇਂ ਭੁੱਲ ਸਕਦੀ ਹੈਂ ?
ਸੰਤੀ : ਖ਼ਬਰਦਾਰ ਜੇ ਮੈਨੂੰ ਹੱਥ ਲਾਇਆ! ਮੈਂ ਵਿਆਹੀ ਗਈ। ਮੇਰੀ ਧੀ ਜਵਾਨ ਹੋ ਗਈ। ਮੈਂ ਭੱਠੀ ਦੇ ਮਾਲਕ ਦੀ ਸੁਹਾਗਣ ਬੀਵੀ ਹਾਂ। ਅੱਗੇ ਵਧਿਆ ਤਾਂ ਭੱਠੀ ਵਿਚ ਬਲਦਾ ਹੋਇਆ ਇਹੋ ਲੋਹਾ ਤੇਰੇ ਮੱਥੇ ਵਿੱਚ ਮਾਰਾਂਗੀ।
ਗੱਜਣ : ਮਾਰ ਇਹ ਲੋਹਾ ਮੇਰੇ ਮੱਥੇ ਵਿੱਚ! ਇੱਕ ਨਿਸ਼ਾਨ ਹੋਰ ਪੈ ਜਾਵੇਗਾ ਤੇਰੇ ਪਿਆਰ ਦਾ। ਇੱਕ ਹੋਰ ਜ਼ੁਲਮ। ਪਰ ਤੂੰ ਕਿਵੇਂ ਮਾਰੇਂਗੀ ? ਭੁੱਲ ਗਈ ਏਂ ਆਪਣੇ ਵਾਇਦੇ ? ਪਿੱਪਲ ਹੇਠ ਖੜ੍ਹੀ ਹੋ ਕੇ ਤੂੰ ਟੋਭੇ ਦੀ ਚੂਲੀ ਭਰ ਕੇ ਕੀ ਆਖਿਆ ਸੀ ?
ਸੰਤੀ : ਕਿਉਂ ਦੱਬੇ ਮੁਰਦੇ ਪੱਟੀ ਜਾਨੈਂ ? ਉਹ ਸਾਰੀਆਂ ਗੱਲਾਂ ਉਦੋਂ ਸਨ ਜਦੋਂ ਮੈਂ ਅਣਜਾਣ ਸਾਂ। ਮੈਨੂੰ ਨਹੀਂ ਪਤਾ ਮੈਂ ਕੀ ਆਖਿਆ ਸੀ ਤੈਨੂੰ। ਬਚਪਨ ਦੀਆਂ ਖੇਡਾਂ ਸਨ। ਰਾਜੇ ਰਾਣੀ ਦੀਆਂ ਕਹਾਣੀਆਂ। ਪਰੀਆਂ ਤੇ ਦੇਓਆਂ ਦੇ ਕਿੱਸੇ। ਝੂਠੇ ਸੁਫ਼ਨੇ ਤੇ ਝੂਠੀਆਂ ਰੀਝਾਂ। ਤੀਵੀਂ ਜਦੋਂ ਅੱਗ ਦੁਆਲੇ ਮਰਦ ਦਾ ਲੜ ਫੜ ਕੇ ਤੁਰਦੀ ਹੈ ਤਾਂ ਇਸ ਅੱਗ ਵਿਚ ਪਿਛਲਾ ਸਭ ਕੁਝ ਭਸਮ ਹੋ ਜਾਂਦੈ। ਮਾਂ ਬਾਪ ਪਰਾਏ ਹੋ ਜਾਂਦੇ ਹਨ। ਆਪਣਾ ਵੇਹੜਾ ਬਗਾਨਾ। ਹਰ ਮਰਦ ਓਪਰਾ। ਤੂੰ ਮੇਰੇ ਲਈ ਓਪਰਾ ਮਰਦ ਹੈ। ਖ਼ਬਰਦਾਰ ਜੇ ਅੱਗੇ ਵਧਿਆ ਤਾਂ।
(ਗੱਜਣ ਉਸਨੂੰ ਹੱਥ ਪਾਉਂਦਾ ਹੈ। ਸੰਤੀ ਸ਼ੇਰਨੀ ਵਾਂਗ ਉਸ ਉੱਤੇ ਝਪਟਦੀ ਹੈ। ਉਸ ਦੇ ਵਾਲ ਖੁੱਲ੍ਹ ਜਾਂਦੇ ਹਨ ਤੇ ਉਹ ਚੰਡੀ ਦਾ ਰੂਪ ਬਣ ਜਾਂਦੀ ਹੈ।)
ਸੰਤੀ : ਨਿਕਲ ਜਾਹ ਕੁੱਤਿਆ ਮੇਰੇ ਘਰੋਂ'। ਅੱਖਾਂ ਕੱਢ ਸੁੱਟਾਂਗੀ ਤੇਰੀਆਂ!
(ਉਹ ਗੱਜਣ ਦੇ ਮੂੰਹ ਉੱਤੇ ਘਰੂਟੇ ਵਢਦੀ ਹੈ ਤੇ ਉਸ ਨੂੰ ਕੰਧ ਨਾਲ ਮਾਰਦੀ ਹੈ। ਖੁਦ ਹਫ਼ਦੀ ਹੋਈ ਵੇਹੜੇ ਵਿੱਚ ਡਿਗ ਪੈਂਦੀ ਹੈ।)