ਸੰਤੀ : ਆਪਣਾ ਹਲ ਚੁੱਕਣ ਆਇਆ ਸੀ। ਆਖਣ ਲੱਗਾ ਤੇਰਾ ਬਾਪੂ ਬਣਸੋ ਕੋਲ ਜਾਂਦਾ ਹੈ। ਮੈਨੂੰ ਗੁੱਸਾ ਚੜ੍ਹ ਗਿਆ ਤੇ ਮੈਂ ਉਸ ਦਾ ਮੂੰਹ ਘਰੂਟ ਦਿੱਤਾ। ਕਿਸੇ ਦੀ ਕੀ ਮਜਾਲ ਕਿ ਤੇਰੇ ਬਾਪੂ ਬਾਰੇ ਕੋਈ ਇਹੋ ਜਿਹੀ ਗੱਲ ਆਖੇ।
(ਬੈਣੋ ਇੱਕ ਪਲ ਖੜ੍ਹੀ ਉਸ ਵੱਲ ਦੇਖਦੀ ਹੈ। ਸੰਤੀ ਹਫ ਰਹੀ ਹੈ। ਉਸ ਦੇ ਵਾਲ ਖੁੱਲ੍ਹੇ ਤੇ ਅੱਖਾਂ ਵਿੱਚ ਵਹਿਸ਼ਤ। ਬੈਣੋ ਸੋਚਦੀ ਹੋਈ ਕੋਈ ਫੈਸਲਾ ਕਰਦੀ ਹੈ ਤੇ ਭੜਕ ਉਠਦੀ ਹੈ।)
ਬੈਣੋ : ਉਹ ਇੱਥੇ ਕਿਉਂ ਆਉਂਦੈ ?
ਸੰਤੀ : ਕੌਣ ?
ਬੈਣੋ : ਗੱਜਣ।
ਸੰਤੀ : ਉਹ ਆਪਣੇ ਕੰਮ ਆਉਂਦਾ ਹੈ। ਹਲ ਦਾ ਫਾਲ ਚੰਡਾਉਣ ਜਾਂ ਦਾਤਰੀ ਦੇ ਦੰਦੇ ਕਢਾਉਣ।
ਬੈਣੋ : ਹਲ ਦਾ ਫਾਲਾ ਚੰਡਾਉਣ ਖਾਤਿਰ ਨਹੀਂ ਤੈਨੂੰ ਮਿਲਣ।
ਸੰਤੀ : ਜੇ ਮੇਰੇ ਵੱਲ ਕੋਈ ਦੂਜਾ ਮਰਦ ਦੇਖ ਵੀ ਜਾਏ ਤਾਂ ਮੈਂ ਅੱਖਾਂ ਕੱਢ ਸੁੱਟਾਂ ਉਸ ਦੀਆਂ।
ਬੈਣੋ : ਉਹ ਤੈਨੂੰ ਮਿਲਣ ਆਉਂਦਾ ਹੈ। ਤੈਨੂੰ।
ਸੰਤੀ : ਸ਼ਰਮ ਨਹੀਂ ਆਉਂਦੀ ਤੈਨੂੰ ਇਸ ਤਰ੍ਹਾਂ ਬਕਦੀ ਨੂੰ।
ਬੈਣੋ : ਕਾਹਦੀ ਸ਼ਰਮ ? ਚੀਖ ਚੀਖ ਕੇ ਆਖਾਂਗੀ ਕਿ ਉਹ ਤੈਨੂੰ ਹੀ ਮਿਲਣ ਆਉਂਦਾ ਹੈ। ਮੈਂ ਆਪ ਇਹਨਾਂ ਅੱਖਾਂ ਨਾਲ ਦੇਖਿਆ ਤੈਨੂੰ ਉਸ ਨਾਲ ਘੁਲਦੀ ਨੂੰ ਹੁਣੇ। ਉਹ ਤੈਨੂੰ ਝੰਜੋੜ ਰਿਹਾ ਸੀ। ਤੂੰ ਹਫ ਰਹੀ ਸੈਂ ਉਸ ਦੀਆਂ ਬਾਹਵਾਂ ਵਿੱਚ।
ਸੰਤੀ : ਮੈਂ ਉਸ ਨੂੰ ਜੁੱਤੀਆਂ ਮਾਰ ਕੇ ਕੱਢਿਆ ਹੈ ਇਸ ਵੇਹੜੇ 'ਚੋਂ। ਮੈਨੂੰ ਨਹੀਂ ਸੀ ਪਤਾ ਕਿ ਉਸ ਦੇ ਦਿਲ ਵਿੱਚ ਖੋਟ ਹੈ। ਮੈਂ ਦੁਨੀਆ ਦੀ ਹਯਾ ਰੱਖੀ ਹੋਈ ਐ। ਤੇਰਾ ਬਾਪੂ ਭਾਵੇਂ ਦਾਰੂ ਪੀਂਦਾ ਹੈ ਤੇ ਕਦੇ ਕਦੇ ਮੈਨੂੰ ਮਾਰਦਾ ਵੀ ਐ ਫਿਰ ਵੀ ਮੈਂ ਉਸੇ ਦੀ ਹਾਂ।
ਬੇਣੋ : ਪਰ ਮੈਂ ਜ਼ੁਲਮ ਨਹੀਂ ਬਰਦਾਸ਼ਤ ਕਰ ਸਕਦੀ।
ਸੰਤੀ : ਕਿਸ ਦਾ ਜ਼ੁਲਮ ?
ਬੈਣੋ : ਤੇਰਾ ਜ਼ੁਲਮ। ਤੇਰਾ ਜ਼ੁਲਮ ਮੇਰੇ ਉੱਤੇ। ਇੱਕ ਮਾਂ ਦਾ ਜ਼ੁਲਮ। ਤੂੰ ਮੈਨੂੰ ਵੀ ਆਪਣੇ ਵਰਗਾ ਬਨਾਉਣਾ ਚਾਹੁੰਦੀ ਹੈਂ। ਆਪਣੀ ਮੂਰਤ, ਆਪਣੀ ਹਾਰੀ ਹੋਈ ਬਾਜੀ ਮੇਰੇ ਸਿਰ ਮੜ੍ਹਨਾ ਚਾਹੁੰਦੀ ਹੈਂ। ਮੈਂ ਆਪਣੀ ਬਾਜ਼ੀ ਨਵੇਂ ਸਿਰਿਓਂ ਖੁਦ ਖੇਡਾਂਗੀ। ਜੇ ਹਾਰ ਵੀ ਜਾਵਾਂ ਤਾਂ ਇਹ ਮੇਰੀ ਆਪਣੀ ਹਾਰ ਹੋਵੇਗੀ। ਇੱਕ ਤਰ੍ਹਾਂ ਮੇਰੀ ਜਿੱਤ। ਮੇਰਾ ਆਪਣਾ ਇਰਾਦਾ, ਆਪਣੀ ਦਲੀਲ, ਆਪਣੀ ਮਰਜੀ। ਆਪਣੀ ਹੋਣੀ ਦੀ ਮੈਂ ਖੁਦ ਜਿੰਮੇਵਾਰ ਹਾਂ। ਤੇਰੀ ਜੂਠੀ ਹੋਣੀ ਦੀ ਮੈਂ ਭਾਈਵਾਲ ਨਹੀਂ ਬਣਨਾ ਚਾਹੁੰਦੀ।
ਸੰਤੀ : ਮੇਰੀ ਜੰਮੀ ਤੂੰ ਮੈਨੂੰ ਹੀ ਇਸ ਤਰ੍ਹਾਂ ਬੋਲਦੀ ਹੈਂ ?