ਕਰਮਾ : ਪਰ ਚੀਜ਼ਾਂ ਬੜੀਆਂ ਮਹਿੰਗੀਆਂ ਹੋ ਗਈਆਂ।
ਕਾਕੂ : ਪੈਸੇ ਕੋਲ ਹੋਣ ਤਾਂ ਸਭ ਚੀਜ਼ਾਂ ਸਸਤੀਆਂ। ਮੈਂ ਤਾਂ ਆਖਦਾਂ ਹੋਰ ਛਿੜੀ ਰਹੇ ਜੰਗ। ਪਤਾ ਨਹੀਂ ਇਹ ਬਾਪੂ ਗਾਂਧੀ ਕਿਉਂ ਰੌਲਾ ਪਾਈ ਜਾਂਦੈਂ।
ਕਰਮਾ : ਲੋਕ ਜੁ ਮਰਦੇ ਨੇਂ।
ਕਾਕੂ : ਉਂਜ ਨਹੀਂ ਮਰਦੇ ਲੋਕ ? ਏਥੇ ਪਲੇਗ ਪੈ ਜਾਵੇ ਤਾਂ ਲੱਖਾਂ ਲੋਕ ਚੂਹਿਆਂ ਵਾਂਗ ਰੁੜ੍ਹ ਜਾਣਗੇ। ਗਾਂਧੀ ਦਾ ਕੀ ਐ, ਉਹ ਤਾਂ ਕੀੜੀ ਮਰਨ ਤੋਂ ਵੀ ਚਿਆਂਕ ਪੈਂਦੇ ਤੇ ਮਰਨ ਵਰਤ ਰੱਖ ਲੈਂਦੇ।
ਕਰਮਾ : ਦੇਖ ਲਵੀਂ ਗਾਂਧੀ ਨੇ ਵਰਤ ਰਖ ਰਖ ਕੇ ਹੀ ਅੰਗਰੇਜ਼ਾਂ ਨੂੰ ਭਜਾ ਦੇਣੈ। ਬੜਾ ਸਿਰੜੀ ਐ ਬਾਬਾ। ਹੱਠ ਦਾ ਪੱਕਾ। ਸਾਰਾ ਮੁਲਕ ਉਸ ਦੇ ਪਿੱਛੇ ਐ। ਸੁਰਾਜ ਲੈ ਕੇ ਮਰੂ।
ਕਾਕੂ : ਓਏ, ਸੁਰਾਜ ਨੇ ਸਾਡਾ ਕੀ ਸੰਵਾਰ ਦੇਣਾ। ਜੇ ਸੁਰਾਜ ਮਿਲ ਗਿਆ ਤਾਂ ਮੈਨੂੰ ਕਿਹੜੀ ਕੁਰਸੀ ਮਿਲ ਜਾਉ। ਤੂੰ ਇਸੇ ਤਰ੍ਹਾਂ ਕਿੱਲੇ ਘੜਨੇ ਨੇ, ਬਾਰੂ ਨੇ ਕੋਹਲੂ ਨੂੰ ਗੇੜੇ ਦਿਵਾਉਣੇ ਨੇ ਤੇ ਮੈਂ ਲੋਹਾ ਕੁੱਟਣੈ।
ਤਲੋਕਾ : (ਅਖਬਾਰ ਪੜ੍ਹਦੇ ਹੋਏ) ਲਓ ਦੂਜੀ ਖਬਰ ਸੁਣੋ। ਇਕ ਮੇਮ ਨੇ ਵਲੈਤ ਵਿੱਚ ਕੁੱਤੇ ਦਾ ਵਿਆਹ ਕੀਤਾ ਤੇ ਉਸ ਉੱਤੇ ਦੋ ਲੱਖ ਰੁਪਈਆ ਖਰਚ ਕਰ ਦਿੱਤਾ।
ਕਰਮਾ : ਸਾਡੇ ਮਹਾਰਾਜਾ ਪਟਿਆਲਾ ਨੇ ਟਿੱਕਾ ਸਾਹਿਬ ਦੇ ਵਿਆਹ ਉਤੇ ਸਾਰੀ ਰਿਆਸਤ ਵਿੱਚ ਦੇਸੀ ਘਿਓ ਦੇ ਲੱਡੂ ਵੰਡੇ। ਮੋਤੀ ਚੂਰ ਦੇ ਲੱਡੂ। ਤੇ ਜਦੋ ਛੇ ਘੋੜਿਆਂ ਵਾਲੀ ਸੁਆਰੀ ਨਿਕਲੀ ਤਾਂ ਚਾਂਦੀ ਦੇ ਰੁਪੱਈਆਂ ਦਾ ਮੀਂਹ ਵਰ੍ਹਾਅ ਦਿਤਾ। ਬੱਲੇ ਓਏ .. ਮਹਾਰਾਜ ਭੁਪਿੰਦਰ ਸਿਹਾਂ। ਨਹੀਂ ਰੀਸਾਂ ਤੇਰੀਆਂ।
ਬਾਰੂ : ਰਾਜਿਆਂ ਮਹਾਰਾਜਿਆਂ ਦੇ ਵਿਆਹਾਂ ਉੱਤੇ ਤਾਂ ਖਰਚਾ ਹੁੰਦਾ ਹੀ ਹੈ ਪਰ ਵਲਾਇਤ ਵਿੱਚ ਸਭ ਗੱਲਾਂ ਪੁੱਠੀਆਂ। ਭਲਾ ਦੱਸੋ, ਕਾਹਦੇ ਉੱਤੇ ਖਰਚ ਕਰ ਦਿੱਤਾ ਦੋ ਲੱਖ ਰੁਪਈਆ। ਕੁੱਤੇ ਭਲਾ ਕੋਈ ਸਿਹਰਾ ਬੰਨ੍ਹ ਕੇ ਢੁਕਦੇ ਨੇ।
ਤਲੋਕਾ : ਲੈ, ਦੇਖ ਲੈ। ਛਪੀ ਹੋਈ ਐ ਖ਼ਬਰ। ਇਹ ਐ ਮੂਰਤ ਕੁੱਤੇ ਦੀ ਤੇ ਇਹ ਐ ਮੇਮ ਦੀ।
ਬਾਰੂ : ਮੇਰੇ ਨਾਲੋਂ ਤਾਂ ਕੁੱਤਾ ਹੀ ਚੰਗਾ। ਜੋ ਘੋੜੀ ਚੜ੍ਹਿਆ। (ਤਿੰਨੇ ਜਣੇ ਭੂਮ ਝੂਮ ਕੇ ਗਾਉਂਦੇ ਹਨ।) ਜੇ ਤੂੰ ਚੜਿਆ ਘੋੜੀ ਵੇ ਤੇਰੇ ਨਾਲ ਭਰਾਵਾਂ ਜੋੜੀ ਵੇ
ਬਾਰੂ : ਉਹ ਕੁੱਤਾ ਰੇਸ਼ਮੀ ਗੱਦਿਆਂ ਉੱਤੇ ਸੌਂਦਾ ਹੋਊ ਤੇ ਬਾਲੂਸ਼ਾਹੀ ਖਾਂਦਾ ਹੋਊ।
ਤਲੋਕਾ : ਬੜੀਆਂ ਲਪਟਾਂ ਆ ਰਹੀਆਂ ਨੇ ਮਸਾਲੇ ਦੀਆਂ।
ਕਾਕੂ : ਤੇਰੀ ਭਾਬੀ ਨੇ ਸਾਗ-ਗੋਸ਼ਤ ਚਾੜ੍ਹਿਐ। ਬੈਣੋ ਦੀ ਮਾਂ, ਰੋਟੀ ਲਿਆ। (ਦੀਪਾ ਛਾਬੇ ਵਿੱਚ ਰੋਟੀਆਂ, ਤੇ ਚਾਰ ਕੌਲਿਆਂ ਵਿੱਚ ਸਾਗ ਤੇ ਮੱਖਣ ਆਦਿ ਲਿਆਉਂਦਾ ਹੈ। ਚਾਰੇ ਜਣੇ ਰੋਟੀ ਖਾਂਦੇ ਹਨ। ਢੋਲਕ ਦੀ ਧਮਕ। ਕੁੜੀਆਂ ਦਾ ਗੀਤ ਉੱਚਾ ਹੁੰਦਾ ਹੈ।