ਕਾਕੂ : ਸਾਗ ਹੋਰ ਲਿਆਈਂ, ਦੀਪਿਆ। (ਸੰਤੀ ਰੋਟੀਆਂ ਥਪਦੀ ਹੈ।)
ਕਰਮਾ : ਤੂੰ ਅੱਜ ਤਹਿਸੀਲਦਾਰ ਦੀ ਕਚਹਿਰੀ ਗਿਆ ਸੀ। ਘੋੜਿਆਂ ਦੇ ਨਾਅਲਾਂ ਦਾ ਠੇਕਾ ਮਿਲਣਾ ਸੀ। ਕੀ ਬਣਿਆਂ।
ਕਾਕੂ : ਬੋਲੀ ਬਹੁਤ ਚੜ੍ਹ ਕੇ ਟੁੱਟੀ। ਮੁਫਤ ਦੀ ਭਕਾਈ। ਸਾਰਿਆਂ ਨੇ ਉੱਪਰ ਤੋਂ ਹੇਠ ਤੀਕ ਰਿਸ਼ਵਤ ਖਾਧੀ ਹੋਈ ਸੀ। ਸਰਕਾਰ ਦੇ ਅੰਨ੍ਹੇ ਕੰਮ।
ਬਾਰੂ : ਜਿਹਨੇ ਐਨਾ ਪੈਸਾ ਤਾਰਿਆ ਹੋਵੇ ਉਸ ਨੇ ਵੀ ਤਾਂ ਵਿੱਚੋਂ ਕੁਝ ਕਮਾਉਣਾ ਹੋਇਆ।
ਕਾਕੂ : ਕੱਚੇ ਲੋਹੇ ਦੇ ਵਿੰਗ ਤੜਿੰਗੇ ਨਾਅਲ ਬਣਾ ਕੇ ਅੱਗੇ ਤੋਰ ਦੇਣਗੇ। ਬਸ ਕਾਗ਼ਜੀ ਕਾਰਵਾਈ ਪੂਰੀ ਚਾਹੀਦੀ ਐ। ਐਵੇਂ ਉੱਥੇ ਗਿਆ। ਮੈਥੋਂ ਤਾਂ ਆਪਣੀ ਭੱਠੀ ਦਾ ਹੀ ਕੰਮ ਨਹੀਂ ਮੁੱਕਦਾ। ਮੇਰਾ ਬਾਪ ਆਖਦਾ ਸੀ, ਪੁੱਤ ਆਪਣੇ ਅੱਡੇ ਉੱਤੇ ਚਾਰ ਪੈਸੇ ਘੱਟ ਆ ਜਾਣ ਉਹ ਚੰਗੇ। ਅੱਡਾ ਆਪਣਾ ਹੋਣਾ ਚਾਹੀਦੈ।
ਤਲੋਕਾ : ਬੜਾ ਮਜ਼ਾ ਆਇਆ ਰੋਟੀ ਦਾ। (ਹੱਥ ਧੋਂਦੇ ਹਨ। ਦੀਪਾ ਰੋਟੀ ਖੁਆ ਕੇ ਭਾਂਡੇ ਚੁੱਕ ਲੈ ਜਾਂਦਾ ਹੈ)
ਕਾਕੂ : ਬੈਣੋ ਦੀ ਮਾਂ।
ਸੰਤੀ : (ਅੰਦਰੋਂ) ਕੀ ਐ ?
ਕਾਕੂ : ਦੁੱਧ ਵਿੱਚ ਬੂਰਾ ਨਾ ਘੋਲ ਦੇਵੀਂ, ਅੱਜ ਮਿਸ਼ਰੀ ਪਾ ਕੇ ਦੇਵੀਂ। ਬੈਣੋ ਦੇ ਵਿਆਹ ਦਾ ਪਹਿਲਾ ਜਸ਼ਨ ਐ ਆਪਣੇ ਦੋਸਤਾਂ ਨਾਲ। (ਢੋਲਕ ਦੀ ਆਵਾਜ਼)
ਕੁੜੀਆਂ ਦਾ ਗੀਤ ਉੱਚਾ ਹੁੰਦਾ ਹੈ। ਕਾਕੂ ਟੋਕਰੇ ਹੇਠੋਂ ਕੁੱਕੜ ਨੂੰ ਕੱਢ ਕੇ ਪੁਚਕਾਰਦਾ ਹੈ।
ਆ ਮੇਰਾ ਲਾਟ, ਤੈਨੂੰ ਆਪਣੇ ਹੱਥ ਨਾਲ ਖੁਆਵਾਂ। ਬਸ ਬਾਜਰਾ ਤੇ ਮੱਕੀ ਖਾਂਦੈ ਖੁਸ਼ ਹੋ ਕੇ ਜਾਂ ਚਿੱਟੀ ਤਿਲੀ। ਏਸ ਨਾਲ ਈ ਤਾਂ ਇਸ ਦੇ ਹੱਡ ਨਰੋਏ ਨੇ। ਖਾੜੇ ਵਿੱਚ ਕਿਸੇ ਨੂੰ ਖੜ੍ਹਨ ਨਹੀਂ ਦੇਂਦਾ। ਦੇਖੇ ਸਨ ਪਿਛਲੀ ਵਾਰ ਇਸ ਦੇ ਹੱਥ ? ਗਰਦਨ ਤਾਣ ਕੇ ਅਜਿਹੀ ਤਾੜ ਮਾਰੀ ਕਿ ਫੱਤੂ ਤੇਲੀ ਦਾ ਕੁੱਕੜ ਮੈਦਾਨ ਛੱਡ ਕੇ ਭੱਜ ਗਿਆ।
ਤਲੋਕਾ : ਕਿੰਨੀ ਉਮਰ ਹੋਊ ਇਸ ਦੀ ?
ਕਾਕੂ : ਪੂਰੇ ਢਾਈ ਵਰ੍ਹਿਆਂ ਦਾ ਹੋ ਜਾਊ ਚੜ੍ਹਦੇ ਅੱਸੂ।
ਕਰਮਾ : ਹਾਲੇ ਤਾਂ ਪੱਠਾ ਈ ਐ।
ਕਾਕੂ : ਓਏ ਸੇਵਾ ਕਰੀਦੀ ਐ। ਖੁਰਾਕਾਂ ਖਵਾਈਦੀਆਂ ਨੇ। ਕਲਗੀ ਦੇਖ ਏਸ ਦੀ-ਲਾਲ ਸੂਹੀ। ਤੇ ਇਸ ਦੀਆਂ ਖਾਰਾਂ-
ਕਰਮਾ : ਬੜੀਆਂ ਤਿੱਖੀਆਂ ਨੇ।
ਕਾਕੂ : ਤੂੰ ਕੁੱਕੜਾਂ ਦੀ ਗੱਲ ਕਰਦੈ ? ਇਹ ਤਾਂ ਤਗੜੇ ਬਲੂੰਗੜੇ ਨੂੰ ਨਹੀਂ ਛੱਡਦਾ।
ਬਾਰੂ : ਪਿਛਲੀ ਵਾਰ ਗੱਜਣ ਦਾ ਕੁੱਕੜ ਵੀ ਚੰਗਾ ਲੜਿਆ ਸੀ।