ਬਾਰੂ : ਇਹ ਗੱਲ ਨਾ ਆਖ। ਲੜਦਾ ਤਾਂ ਹਿੱਕ ਤਾਣ ਕੇ ਐ। ਪਿਛਲੀ ਵਾਰ ਤੇਰੇ ਕੁੱਕੜ ਨੂੰ ਟੱਕਰਿਆ ਸੀ ਤਾਂ ਪਤਾ ਨਹੀਂ ਸੀ ਲਗਦਾ ਕਿਹੜਾ ਜਿੱਤੂਗਾ।
ਕਾਕੂ : ਫੇਰ ਜਿੱਤਿਆ ਕੌਣ ?
ਬਾਰੂ : ਇੱਕ ਨੇ ਤਾਂ ਜਿੱਤਣਾ ਹੀ ਸੀ। ਪਰ ਲੜਿਆ ਖੂਬ।
ਕਾਕੂ : ਬੈਣੋ ਦੀ ਮਾਂ।
ਸੰਤੀ : (ਅੰਦਰੋਂ) ਆਨੀ ਆਂ।
ਕਾਕੂ : ਕੀ ਹੋਇਆ ਦੁੱਧ ਨੂੰ ?
ਸੰਤੀ : ਬੈਣੋ ਗਾਂ ਚੋਣ ਗਈ ਐ। ਆਉਣ ਵਾਲੀ ਐ।
ਕਾਕੂ : ਧਾਰ ਦਿਨ ਛਿਪੇ ਤੋਂ ਪਹਿਲਾਂ ਕੱਢ ਲੈਣੀ ਸੀ। ਦੀਪਿਆ ਜਾਹ ਬੈਣੋ ਨੂੰ ਬੁਲਾ ਕੇ ਲਿਆ। (ਦੀਪਾ ਜਾਂਦਾ ਹੈ। ਸੰਤੀ ਕੁੱਕੜ ਚੁੱਕ ਕੇ ਅੰਦਰ ਚਲੀ ਜਾਂਦੀ ਹੈ। ਕੁੜੀਆਂ ਦਾ ਗੀਤ ਉਭਰਦਾ ਹੈ।)
ਤਲੋਕਾ : ਤੈਨੂੰ ਪਤੈ ਆਇਸ਼ਾਂ ਦੇ ਘਰ ਕੁੜੀ ਹੋਈ ਐ ?
ਕਾਕੂ : ਆਇਸ਼ਾ ਦੇ ਘਰ ਕੁੜੀ ? ਉਹ ਤਾਂ ਹਾਲੇ ਆਪ ਨਿੱਕੀ ਜਿਹੀ ਕੁੜੀ ਐ। ਹਾਲੇ ਕੱਲ੍ਹ ਦੀ ਗੱਲ ਐ। ਜਦੋਂ ਉਹ ਇੱਥੇ ਆ ਜਾਂਦੀ ਤੇ ਗੱਲ੍ਹਾਂ ਫੁਲਾ ਕੇ ਧੌਂਕਣੀ ਵਾਂਗ ਫੂਕਾਂ ਮਾਰਦੀ।
ਬਾਰੂ : ਹੱਦ ਹੋ ਗਈ। ਆਇਸ਼ਾਂ ਦੀ ਗੋਦੀ ਕੁੜੀ ? ਇਸ ਹਸਾਬ ਨਾਲ ਸ਼ੇਰੂ ਬਾਬਾ ਬਣ ਗਿਆ।
ਤਲੋਕਾ : ਬਾਬਾ ਨਹੀ, ਨਾਨਾ।
ਬਾਰੂ : ਹਾਂ ਸੱਚ, ਨਾਨਾ। ਇਹ ਕੁੜੀਆਂ ਬੜੀ ਛੇਤੀ ਵਧਦੀਆਂ ਨੇ। ਦਿਨਾਂ ਵਿੱਚ ਜਵਾਨ ਹੋ ਜਾਂਦੀਆਂ ਨੇ ਤੇ ਫੇਰ ਦਿਨਾਂ ਵਿੱਚ ਸ਼ਾਦੀ। (ਕੁੜੀਆਂ ਦਾ ਗੀਤ ਫਿਰ ਉੱਚਾ ਹੋ ਜਾਂਦਾ ਹੈ।)
ਕਾਕੂ : ਸ਼ਾਦੀ ਤਾਂ ਹੋਣੀ ਹੀ ਹੋਈ। ਬੈਣੋ ਨੂੰ ਵੀ ਹੁਣ ਛੇਤੀ ਵਿਆਹ ਦੇਣਾ ਐ। ਮੁੰਡਾ ਲੱਭ ਲਿਆ। ਮੈਂ ਤਾਂ ਬੜਾ ਸਾਦਾ ਜਿਹਾ ਵਿਆਹ ਕਰਨਾ ਐ। ਪਰ ਰੋਟੀ ਚੰਗੀ ਕਰੂੰ। ਹੁਣੇ ਤੋਂ ਦੋ ਬੱਕਰੇ ਲੈ ਲਏ ਨੇ । ਮੁਕਦੇ ਨਹੀਂ। ਬੈਣੋ ਦੀ ਮਾਂ ਨੂੰ ਵੀ ਰੇਸ਼ਮੀ ਸੂਟ ਸਿਲਾ ਕੇ ਦੇਣੈਂ। ਬੈਣੋ ਦੀਆਂ ਟੂਮਾਂ ਬਣਵਾ ਲਈਆਂ ਨੇ । ਨੱਥ ਤੇ ਚੂੜੀਆਂ ਸਿਉਨੇ ਦੀਆਂ। ਥੋਨੂੰ ਤਿੰਨਾਂ ਨੂੰ ਤਾਂ ਅੱਜ ਤੋਂ ਹੀ ਸੱਦਾ ਦੇ ਦਿੱਤਾ। ਭੁੱਲਿਓ ਨਾ।
ਕਰਮਾ : ਓਏ ਕਾਕੂ, ਤੇਰੀ ਧੀ ਹੋਈ ਜਾਂ ਸਾਡੀ। ਤੂੰ ਫ਼ਿਕਰ ਨਾ ਕਰ, ਤੇਰੇ ਨਾਲ ਕੰਮ ਕਰਵਾਵਾਂਗੇ, ਧੀ ਸਭਨਾਂ ਦੀ ਸਾਂਝੀ। (ਦੀਪਾ ਦੌੜਦਾ ਹੋਇਆ ਆਉਂਦਾ ਹੈ।)
ਦੀਪਾ : ਬਾਪੂ ਵਾੜੇ 'ਚ ਬੈਣੋ ਹੈ ਨਹੀਂ। ਵੱਛਾ ਸਾਰਾ ਦੁੱਧ ਚੁੰਘ ਗਿਆ। ਦੋਹਣਾ ਗਾਂ ਦੇ ਪੈਰਾਂ 'ਚ ਰਿੜ੍ਹਦਾ ਫਿਰਦਾ ਸੀ।
ਕਾਕੂ : ਹੈਂ ? ਵਾੜੇ 'ਚ ਨਹੀਂ ਉਹ ?
ਦੀਪਾ : ਨਹੀਂ!
ਕਾਕੂ : ਕਿੱਥੇ ਗਈ ਉਹ ?