ਕਾਕੂ : (ਚੀਖ ਕੇ) ਬੈਣੋ। (ਚੌਫੇਰੇ ਰੌਲਾ ਪੈ ਜਾਂਦਾ ਹੈ)
ਸੰਤੀ : ਇਸ ਕੁਲਹਿਣੀ ਨੇ ਸਾਡਾ ਮੂੰਹ ਕਾਲਾ ਕਰ ਦਿੱਤਾ। ਦੌੜ ਕੇ ਜਾਹ ਉਹਦੇ ਮਗਰ।
ਤਿੰਨੇ : ਚਲੋ! ਛੇਤੀ ਚਲੋ!! (ਕਾਕੂ ਗੁੱਸੇ ਵਿੱਚ ਤੜਪ ਕੇ ਗੰਡਾਸਾ ਚੁਕਦਾ ਹੈ ਤੇ ਤੇਜ਼ੀ ਨਾਲ ਬਾਹਰ ਨਿਕਲ ਜਾਂਦਾ ਹੈ। ਤਿੰਨੇ ਦੋਸਤ ਕਮਰਕੱਸੇ ਕਰਕੇ ਉਸ ਦੇ ਪਿੱਛੇ ਜਾਂਦੇ ਹਨ। ਗਲੀ ਵਿੱਚ ਉੱਚੀਆਂ ਆਵਾਜ਼ਾਂ।)
ਇਕ ਤੀਵੀਂ : ਧਰਤੀ ਵਿੱਚ ਗੱਡ ਸੁੱਟੋ ਇਹੋ ਜਿਹੀ ਧੀ ਨੂੰ!
ਦੂਜੀ ਤੀਵੀਂ : ਸਾਰੇ ਪਿੰਡ ਦਾ ਮੂੰਹ ਕਾਲਾ ਕਰ ਦਿੱਤਾ ਇਸ ਕਲਜੋਗਣ ਨੇ!
ਤੀਜੀ ਤੀਵੀਂ : ਮੱਥਾ ਡੰਮ੍ਹ ਸੁੱਟੋ ਇਸ ਚੁੜੇਲ ਦਾ!
ਸੰਤੀ : (ਛਾਤੀ ਪਿੱਟ ਕੇ) ਗੁੱਤੋਂ ਘਸੀਟ ਕੇ ਲਿਆਵੀਂ ਇਸ ਕਮਜ਼ਾਤ ਨੂੰ! ਕੋਠੇ ਅੰਦਰ ਸੁੱਟ ਕੇ ਡੱਕਰੇ ਕਰ ਦੇਵੀਂ ਇਸ ਪਾਪਣ ਦੇ। (ਵਾਤਾਵਰਣ ਵਿੱਚ ਸਨਸਨਾਹਟ। ਸੰਤੀ ਬਰੂਹਾਂ ਵਿੱਚ ਖੜ੍ਹੀ ਸਿਸਕ ਰਹੀ ਹੈ। ਹੌਲੀ ਹੌਲੀ ਰੌਲਾ ਬੰਦ ਹੋ ਜਾਂਦਾ ਹੈ। ਪੀਲੀ ਤੇ ਕਾਸ਼ਨੀ ਭਾਅ ਵਿਹੜੇ ਵਿਚ ਫੈਲ ਜਾਂਦੀ ਹੈ। ਹਲਕੀਆਂ ਟੱਲੀਆਂ ਦੀ ਆਵਾਜ਼ ਜਿਵੇਂ ਕਿਸੇ ਦੇ ਹਉਂਕੇ ਹੋਣ। ਸੰਤੀ ਬੂਹੇ ਵੱਲ ਦੇਖਦੀ ਹੈ। ਸੰਨਾਟੇ ਵਿਚ ਕਿਸੇ ਦੇ ਪੈਰਾਂ ਦੀ ਚਾਪ।) (ਕਾਕੂ ਭਾਰੀ ਕਦਮਾਂ ਨਾਲ ਤੁਰਦਾ ਬੈਣੋਂ ਦੀ ਲਾਸ਼ ਨੂੰ ਦੋਹਾਂ ਹੱਥਾਂ ਵਿੱਚ ਚੁੱਕੀ ਆਉਂਦਾ ਹੈ। ਖਲੋ ਜਾਂਦਾ ਹੈ ਤੇ ਸੰਤੀ ਵੱਲ ਦੇਖਦਾ ਹੈ।)
ਸੰਤੀ : ਤੂੰ ਕਤਲ ਕਰ ਦਿੱਤਾ ਉਸ ਨੂੰ ?
ਕਾਕੂ : ਹਾਂ, ਮੈਂ ਵੱਢ ਸੁਟਿਆ ਉਸ ਨੂੰ! ਅੱਧੀ ਰਾਤ ਪਿੱਛੋਂ ਜਦੋਂ ਸਾਰਾ ਪਿੰਡ ਸੌਂ ਗਿਆ ਤੇ ਖਿੱਤੀਆਂ ਨੇ ਪਹਿਰਾ ਬਦਲ ਲਿਆ ਤਾਂ ਮੈਂ ਇਸ ਨਾਮੁਰਾਦ ਧੀ ਨੂੰ ਚੁੱਕੀ ਹੌਲੀ ਹੌਲੀ ਤੁਰਦਾ ਘਰ ਨੂੰ ਪਰਤਿਆ। (ਉਹ ਧੀ ਦੀ ਲਹੂ ਨਾਲ ਲਿਬੜੀ ਲਾਸ਼ ਨੂੰ ਜ਼ਮੀਨ ਉੱਤੇ ਰਖ ਦੇਂਦਾ ਹੈ। ਸੰਤੀ ਗੋਡੇ ਟੇਕ ਕੇ ਲਾਸ਼ ਨੂੰ ਦੇਖਦੀ ਹੈ। ਲੰਮਾ ਹਉਂਕਾ ਭਰਦੀ ਹੈ। ਸਬਰ ਦਾ ਘੁੱਟ। ਫਿਰ ਉਹ ਆਪਣੇ ਜਜ਼ਬਾਤਾਂ ਉੱਤੇ ਕਾਬੂ ਕਰਕੇ ਕਾਕੂ ਵੱਲ ਕਹਿਰ ਦੀਆਂ ਨਜ਼ਰਾਂ ਨਾਲ ਦੇਖਦੀ ਹੈ।)
ਸੰਤੀ : ਦੇਖਦਾਂ ਕੀ ਹੈ ? ਕਹੀ ਚੱਕ ਤੇ ਟੋਆ ਪੱਟ। ਦੱਬ ਦੇਹ ਇਸ ਕੁਲੱਛਣੀ ਨੂੰ ਵਿਹੜੇ ਵਿੱਚ। ਤਾਂ ਜੁ ਮੇਰੀ ਇੱਜ਼ਤ ਦੱਬੀ ਰਹੇ ਧਰਤੀ ਹੇਠ ਕਿਤੇ ਭਾਫ਼ ਨਾ ਨਿਕਲੇ ਇਸ ਪਾਪਣ ਦੀ।