ਐਕਟ ਤੀਜਾ
ਸੀਨ ਪਹਿਲਾ
(ਸੰਤੀ ਕਾਕੂ ਦਾ ਉਧੜਿਆ ਹੋਇਆ ਝੱਗਾ ਸਿਉਂ ਰਹੀ ਹੈ। ਬਚਨੀ ਉਸ ਦੇ ਕੋਲ ਬੈਠੀ ਹੈ। ਥੋੜ੍ਹੀ ਦੇਰ ਖ਼ਾਮੋਸ਼ੀ ਰਹਿੰਦੀ ਹੈ।)
ਬਚਨੀ : ਬੈਣੋ ਦੀ ਕੋਈ ਉੱਘ ਸੁੱਘ ਮਿਲੀ ? (ਸੰਤੀ ਚੌਕਦੀ ਹੈ। ਉਸ ਦੇ ਚਿਹਰੇ ਉੱਤੇ ਦੱਬੇ ਹੋਏ ਪਾਪ ਦੀ ਛਾਂ ਫਿਰ ਜਾਂਦੀ ਹੈ। ਫਿਰ ਉਹ ਯਕਦਮ ਸੰਭਲਦੀ ਹੈ।)
ਸੰਤੀ : ਪੂਰਾ ਇੱਕ ਸਾਲ ਹੋ ਗਿਆ। ਇਸੇ ਪੈਂਚਵੀਂ ਨੂੰ ਗਈ ਸੀ ਉਹ। ਜੇ ਵਿਆਹ ਹੋ ਗਿਆ ਹੁੰਦਾ ਤਾਂ ਉਹ ਤੀਆਂ ਨੂੰ ਘਰ ਆਉਂਦੀ। ਇਸ ਵੇਹੜੇ ਵਿੱਚ ਗਿੱਧਾ ਪਾਉਂਦੀ। ਪੂੜੇ ਪਕਾਉਂਦੀ। ਪੀਂਘਾਂ ਝੂਟਦੀ। ਪਰ ਚੰਦਰੀ ਨੇ ਕੁਝ ਨਾ ਸੋਚਿਆ।
ਬਚਨੀ : ਜਦ ਤੈਨੂੰ ਇਸ ਤਰ੍ਹਾਂ ਕੁੜ੍ਹਦਿਆਂ ਦੇਖਦੀ ਆਂ, ਤਾਂ ਮੇਰੇ ਕਾਲਜੇ ਵਿੱਚ ਮੁੱਕੀ ਵਜਦੀ ਏ। ਤੂੰ ਸਾਡੀਆਂ ਸਾਰੀਆਂ 'ਚੋਂ ਮਲੂਕ ਹੁੰਦੀ ਸੈਂ। ਖੇਤਾਂ 'ਚੋਂ ਮੁੜਦੀ ਤਾਂ ਢਾਬ ਤੇ ਘੰਟਾ ਘੰਟਾ ਬੈਠੀ ਝਾਵੇਂ ਨਾਲ ਅੱਡੀਆਂ ਕੂਚਦੀ।
ਸੰਤੀ : ਉਹ ਸੰਤੀ ਹੋਰ ਸੀ, ਇਹ ਸੰਤੀ ਹੋਰ ਐ। ਇਉਂ ਲਗਦੈ ਜਿਵੇਂ ਯੁਗ ਬੀਤ ਗਏ ਹੋਣ। ਮੈਂ ਸਭ ਕੁਝ ਭੁੱਲ ਗਈ।
ਬਚਨੀ : ਤੂੰ ਉਹਨਾਂ ਦਿਨਾਂ ਨੂੰ ਕਿਵੇਂ ਭੁੱਲ ਗਈ ? ਕੁੜੀਆਂ ਵਿੱਚੋਂ ਗਿੱਧਾ ਪਾਉਣ ਨੂੰ ਸਭ ਤੋਂ ਅੱਗੇ ਸੀ ਤੂੰ। ਪਿੱਪਲਾਂ ਉੱਤੇ ਚੜ੍ਹਨ ਲੱਗੇ ਸਭ ਤੋਂ ਤੇਜ਼। ਢਾਬ ਉੱਤੇ ਕੱਪੜੇ ਪੌਂਦੀ ਤਾਂ ਧੁੱਪ ਦੇ ਘੇਰੇ ਚਮਕਦੇ।
ਸੰਤੀ : ਹੁਣ ਵੀ ਢਾਬ ਉੱਤੇ ਤੀਆਂ ਲਗਦੀਆਂ ਹੋਣਗੀਆਂ।
ਬਚਨੀ : ਹਾਂ।
ਸੰਤੀ : ਤੇ ਤੀਵੀਂਆਂ ਸਿਰ ਉੱਤੇ ਪੀਠੀ ਦੇ ਥਾਲ ਚੁੱਕੀ ਸਾਉਣ ਭਾਦੋਂ ਵਿੱਚ ਗਾਉਂਦੀਆਂ ਹੋਈਆਂ ਨਿਕਲਦੀਆਂ ਹੋਣਗੀਆਂ।
ਬਚਨੀ : ਹਾਂ।
ਸੰਤੀ : ਤੇ ਕੁੱਬੇ ਜੰਡ ਨੂੰ ਮੱਥਾ ਟੇਕਣ ਜਾਂਦੀਆਂ ਹੋਣਗੀਆਂ।
ਬਚਨੀ : ਹਾਂ।
ਸੰਤੀ : ਮੇਰਾ ਬਚਪਨ, ਮੇਰੀ ਜਵਾਨੀ, ਮੇਰੇ ਉਹ ਦਿਨ ਸਭ ਸ਼ੀਸ਼ੇ ਵਾਂਗ ਸਾਹਮਣੇ ਆ ਜਾਂਦੇ ਨੇ ਤੈਨੂੰ ਮਿਲ ਕੇ। ਤੈਥੋਂ ਕੀ ਲੁਕੋ। ਕਈ ਵਾਰ ਸੋਚਦੀ ਆਂ, ਬੈਣੋ ਨਿਕਲ ਗਈ ਤਾਂ ਕਿਹੜੀ ਪਰਲੋ ਆ ਗਈ। ਉਸੇ ਤਰ੍ਹਾਂ ਮੀਂਹ ਵਰ੍ਹਦੇ ਨੇ, ਵਿਆਹ ਹੁੰਦੇ ਨੇ, ਬੱਚੇ ਜੰਮਦੇ ਨੇ, ਮੇਲੇ ਲਗਦੇ ਨੇ। ਹਰ ਚੀਜ਼ ਉਸੇ ਤਰ੍ਹਾਂ ਤੁਰੀ ਜਾਂਦੀ ਐ। (ਦੀਪਾ ਬਾਹਰੋਂ ਦੌੜਦਾ ਆਉਂਦਾ ਹੈ ਤੇ ਸੰਤੀ ਦੀ ਹਿੱਕ ਨਾਲ ਲਗ ਜਾਂਦਾ ਹੈ।)