ਸੂਤਰਧਾਰ
ਕਿਰਿਆ ਕੇਹੀ ਅਵੱਲੜੀ
ਕੁੱਝ ਵੀ ਸਮਝ ਨਾ
ਆ ਜੋ ਵੀ ਧਰਤੀ ਜੰਮਦੀ
ਆਪੇ ਜਾਂਦੀ ਖਾ
ਜਿਉਂ ਮੱਕੜੇ ਸੰਗ ਮੱਕੜੀ
ਪਹਿਲੇ ਭੋਗ ਰਚਾ
ਗਰਭਵਤੀ ਮੁੜ ਹੋਏ ਕੇ
ਜਾਂਦੀ ਉਸ ਨੂੰ ਖਾ
ਨਟੀ
ਧਰਤੀ ਦੀ ਗੱਲ ਸੋਚ ਕੇ
ਮਨ ਨਾ ਕਰ ਬੁਰਾ
ਇਹ ਜਣਨੀ ਹੈ ਪਾਪ ਦੀ
ਇਹ ਪਾਪਾਂ ਦੀ ਜਾਹ
ਪਾਪ ਤਾਂ ਇਸ ਦਾ ਕਰਮ ਹੈ
ਇਸ ਦਾ ਪਾਪ ਸੁਭਾਅ
ਜੇ ਇਹ ਪਾਪ ਕਮਾਏ ਨਾ
ਤਾਂ ਅੱਜੇ ਮਰ ਜਾ
ਆਓ ਮੁੜੀਏ ਪਰਲੋਕ ਨੂੰ
ਮਹਿਕਾਂ ਦੇ ਪਰ ਲਾ
ਹੁਣ ਤਾਂ ਧੁੱਪਾਂ ਉੱਗੀਆਂ
ਗਿਆ ਸੂਰਜ ਸਿਰ 'ਤੇ ਆ
ਘੁਲ ਜਾਈਏ ਵਿਚ ਮਹਿਕ ਦੇ
ਘੁਲ ਜਾਈਏ ਵਿਚ ਵਾਅ
( ਸੂਤਰਧਾਰ ਤੇ ਨਟੀ ਅਲੋਪ ਹੋ ਜਾਂਦੇ ਹਨ ।)