ਇਉਂ ਜਾਪੇ ਭੋਂ ਦੀਆਂ ਬੁੱਲ੍ਹੀਆਂ
ਵਿਚ ਭਰਿਆ ਨਸ਼ਾ ਜਿਹਾ
ਇਕ ਸੁਆਦ ਸੁਆਦ ਹੋ ਜਿਹਨਾਂ ਨੂੰ
ਹੈ ਅੰਬਰ ਚੁੰਮ ਰਿਹਾ
ਕੋਈ ਜੀਕਣ ਪ੍ਰੇਮੀ ਪ੍ਰੇਮ ਤੋਂ
ਇਕ ਉਮਰਾ ਬਾਝ ਰਿਹਾ
ਉਸ ਅਭੇ ਹੋਂਠ ਤਾਂ ਚੁੰਮਣਾਂ
ਪਰ ਭੁੱਖਾ ਫੇਰ ਰਿਹਾ
ਨਟੀ
ਸੁਣੋ ਸਵਾਮੀ ਕਿਹਾ ਸੁਹਾਵਾ
ਪੰਛੀ ਬੋਲ ਰਿਹਾ
ਜਿਉਂ ਕਿਸੇ ਪ੍ਰੇਮੀ ਆਪਣੇ
ਪ੍ਰੇਮੀ ਦਾ ਨਾਮ ਲਿਆ
ਜਿਉ ਬਾਂਸ ਦੀ ਪਾਟੀ ਪੋਰ ਚੋਂ
ਇਕ ਰੁਮਕਾ ਲੰਘ ਗਿਆ
ਜਿਉ ਸੇਜ ਸੱਜਣ ਦੀ ਮਾਣਦੀ
ਦਾ ਹਾਸਾ ਨਿਕਲ ਗਿਆ
ਪ੍ਰਥਮ ਪ੍ਰੇਮ ਦੇ ਪ੍ਰਥਮ ਮੇਲ ਦੇ
ਪ੍ਰਥਮ ਹੀ ਸ਼ਬਦ ਜਿਹਾ
ਦਰਦ ਪਰੁੱਚੇ ਕਿਸੇ ਗੀਤ ਦੇ
ਅੰਤਿਮ ਬੋਲ ਜਿਹਾ
ਸੂਤਰਧਾਰ
ਹੈ ਸੌਲੇ ਜਿਹੇ ਪਹਾੜ 'ਤੇ
ਚੰਨ ਈਕਣ ਸੋਭ ਰਿਹਾ
ਜਿਉਂ ਕੁਲਿਕ ਨਾਗ ਕੋਈ ਮੰਨੀ ਥੀ
ਨ੍ਹੇਰੇ ਵਿਚ ਖੇਡ ਰਿਹਾ
ਇਹ ਪਰਬਤ ਲੰਮ-ਸਲੰਮੜਾ