ਜਿਉਂ ਨਾਗਾਂ ਦੀ ਮਾਂ ਸੂਰਸਾ
ਦੀ ਹੋਵੇ ਸਾਲ-ਗਿਰ੍ਹਾ
ਕਈ ਬਾਸ਼ਕ, ਉਰਗ ਤੇ ਛੀਬੜੇ
ਕਈ ਅਹੀ, ਖੜੱਪੇ ਆ
ਕਈ ਕੱਲਰੀ, ਉੱਡਣੇ, ਪਦਮ ਤੇ
ਸੰਗਚੂੜੇ ਧੌਣ ਉਠਾ
ਪਏ ਚਾਨਣ ਦਾ ਦੁੱਧ ਪੀਵਦੇ
ਤੇ ਰਹੇ ਨੇ ਜਸ਼ਨ ਮਨਾ
ਔਹ ਵੇਖ ਨੀ ਜਿੰਦੇ ! ਘਾਟੀਆਂ
ਵਿਚ ਬੱਦਲ ਉੱਡ ਰਿਹਾ
ਜਿਉਂ ਸੱਪ ਕਿਸੇ ਨੂੰ ਡੰਗ ਕੇ
ਗੁੱਸੇ ਵਿਚ ਉਲਟ ਗਿਆ
ਸੁਪਨ-ਲੋਕ ਦੇ ਉੱਡਦੇ ਹੋਏ
ਦੂਧ ਮਹਿਲ ਜਹਿਆ
ਜਿਹਦੀ ਮਮਟੀ ਬੈਠਾ ਚੰਨ ਦਾ
ਕੋਈ ਪੰਛੀ ਬੋਲ ਰਿਹਾ
ਵਿਚ ਫੁੱਲ-ਪੱਤੀਆਂ ਦੀ ਸੇਜ 'ਤੇ
ਇਕ ਨੰਗਾ ਅਗਨ ਜਿਹਾ
ਇਕ ਬੁੱਤ ਗੁਲਾਬੀ ਨਾਰ
ਦਾ ਕੋਈ ਕਾਮੀ ਵੇਖ ਰਿਹਾ
ਤੇ ਭੋਗਣ ਪਹਿਲੇ ਓਸ ਦਾ
ਜਿਉ ਸੁਪਨਾ ਟੁੱਟ ਗਿਆ
ਨਟੀ
ਮੈਂ ਵੇਖ ਕੇ ਉੱਚੀਆਂ ਟੀਸੀਆਂ
ਹਾਂ ਰਹੀ ਤਸਵੀਰ ਬਣਾ
ਜਿਉਂ ਵਣ-ਦੇਵੀ ਅਰਨੈਣੀ
ਬੱਦਲਾਂ ਦੀ ਸੇਜ ਵਿਛਾ
ਵਣ-ਪੁੱਤਰ ਤਾਈਂ ਜੀਕਣਾਂ
ਰਹੀ ਹੋਵੇ ਦੁੱਧ ਚੁੰਘਾ