ਸ਼ੇਰੇ ਪੰਜਾਬ ਚਲਾ ਗਿਆ। ਮਰਦ ਦੀ ਕਿਸਮਤ ਮਰਦ ਦੇ ਮਗਰੇ ਤੁਰ ਪਈ। ਸਿੱਖ ਰਾਜ ਦੀ ਦੁਪਹਿਰ ਢਲਣੀ ਸ਼ੁਰੂ ਹੋ ਗਈ।
ਦੁੱਖ ਮਾਰੀ ਜਿੰਦਾਂ ਨੇ ਸਭ ਕਾਸੇ ਵੱਲੋਂ ਅੱਖਾਂ ਮੀਟ ਲਈਆਂ। ਉਹਨੇ ਆਪਣੇ ਗ਼ਮ ਵਿੱਚ ਡੁੱਬੀ ਨੇ ਇਕਾਂਤ ਵਾਸ ਧਾਰਨ ਕਰ ਲਿਆ। ਉਹਦੀ ਦੁਨੀਆਂ ਛੋਟੇ ਜਿਹੇ ਦਲੀਪ ਤੱਕ ਸਿਮਟ ਕੇ ਰਹਿ ਗਈ। ਕੁਝ ਸਮੇਂ ਵਾਸਤੇ ਉਹ ਪੰਜਾਬੀਆਂ ਦੀਆਂ ਨਜ਼ਰਾਂ ਤੋਂ ਉਹਲੇ ਹੋ ਗਈ।
ਡੋਗਰੇ ਧਿਆਨ ਸਿੰਘ ਤੇ ਗੁਲਾਬ ਸਿੰਘ ਨੂੰ ਆਪਣੀਆਂ ਆਸਾਂ ਦੇ ਫਲਨ ਦਾ ਸਮਾਂ ਨੇੜੇ ਆ ਗਿਆ ਪ੍ਰਤੀਤ ਹੋਣ ਲੱਗਾ। ਉਹਨਾਂ ਆਪਸ ਵਿੱਚ ਚੋਖੇ ਚਿਰ ਤੋਂ ਵੰਡੀਆਂ ਪਾਈਆਂ ਹੋਈਆਂ ਸਨ ਕਿ ਸ਼ੇਰੇ ਪੰਜਾਬ ਦੇ ਘਰਾਣੇ ਦੀ ਤਬਾਹੀ ਪਿੱਛੋਂ ਪੰਜਾਬ ਦਾ ਪੱਧਰ ਇਲਾਕਾ ਰਾਜਾ ਧਿਆਨ ਸਿੰਘ ਸੰਭਾਲ ਲਵੇਗਾ ਤੇ ਪਹਾੜੀ ਇਲਾਕੇ ਸਾਰੇ ਰਾਜਾ ਗੁਲਾਬ ਸਿੰਘ ਦੀ ਮਾਲਕੀ ਹੋਣਗੇ। ਪਰ ਆਪਣੇ ਟੀਚੇ 'ਤੇ ਪਹੁੰਚਣ ਤੱਕ ਉਹਨਾਂ ਨੂੰ ਕਈ ਬਿਖੜੇ ਰਾਹ ਲੰਘਣੇ ਪੈਣੇ ਸਨ। ਸਭ ਤੋਂ ਵੱਡੀ ਰੁਕਾਵਟ ਉਹਨਾਂ ਦੇ ਰਸਤੇ ਵਿੱਚ ਸ਼ੇਰੇ ਪੰਜਾਬ ਦੇ ਸੱਤ ਪੁੱਤਰ ਤੇ ਅੱਠਵਾਂ ਪੋਤਰਾ ਕੰਵਰ ਨੌਨਿਹਾਲ ਸਿੰਘ ਸੀ। ਉਹਨਾਂ ਹੰਢੇ ਹੋਏ ਨੀਤੱਗਯ ਖਿਡਾਰੀਆਂ ਨੇ ਪਹਿਲੇ ਹੱਥ ਹੀ ਤਿੰਨ ਚੁਣਵੇਂ ਸ਼ਾਹਜ਼ਾਦੇ ਦਾਅ ਉੱਤੇ ਲਾ ਦਿੱਤੇ। ਟਿੱਕਾ ਖੜਕ ਸਿੰਘ, ਉਹਦਾ ਛੋਟਾ ਭਰਾ ਕੰਵਰ ਸ਼ੇਰ ਸਿੰਘ ਤੇ ਪਹਿਲੇ ਦਾ ਇਕੋ-ਇੱਕ ਪੁੱਤਰ ਕੰਵਰ ਨੌਨਿਹਾਲ ਸਿੰਘ ਸ਼ਤਰੰਜ ਦੇ ਮੋਹਰੇ ਬਣੇ। ਨੌਨਿਹਾਲ ਸਿੰਘ ਦੀ ਮਦਦ ਵਾਸਤੇ ਉਸਦੀ ਮਾਤਾ ਮਹਾਰਾਣੀ ਚੰਦ ਕੌਰ ਪੁੱਤਰ ਦੀ ਕੰਡ ਪਿੱਛੇ ਛਾਤੀ ਤਾਣ ਖਲੀ। ਮਿਥੀ ਹੋਈ ਗੋਂਦ ਅਨੁਸਾਰ ਕੰਵਲ ਨੌਨਿਹਾਲ ਸਿੰਘ ਤੇ ਚੰਦ ਕੌਰ ਦੀ ਅਗਵਾਈ ਰਾਜਾ ਗੁਲਾਬ ਸਿੰਘ ਕਰਨ ਲੱਗਾ ਤੇ ਦੂਜਿਆਂ ਦੋਹਾਂ ਦੀ ਜ਼ਿੰਮੇਂਵਾਰੀ ਰਾਜਾ ਧਿਆਨ ਸਿੰਘ ਨੇ ਆਪਣੇ ਸਿਰ ਲੈ ਲਈ। ਧਿਆਨ ਸਿੰਘ ਭਾਵੇਂ ਗੁਲਾਬ ਸਿੰਘ ਦਾ ਛੋਟਾ ਭਰਾ ਸੀ, ਪਰ