ਤਾਕਤ ਵਿੱਚ ਉਹ ਬਹੁਤ ਵੱਡਾ ਬਣ ਚੁੱਕਾ ਸੀ। ਸ਼ੇਰੇ ਪੰਜਾਬ ਦੀ ਵਧਦੀ ਬੀਮਾਰੀ ਨੂੰ ਤਾੜ ਕੇ ਉਹਨਾਂ ਆਪੋ ਆਪਣੇ ਮੋਹਰੇ ਅਗਾਂਹ ਵਧਾਉਣੇ ਸ਼ੁਰੂ ਕਰ ਦਿੱਤੇ। ਥੋੜ੍ਹੇ ਸਮੇਂ ਵਿੱਚ ਹੀ ਉਹਨਾਂ ਦੋਹਾਂ ਦੇ ਅੰਦਰ ਰਾਜ ਸੰਭਾਲਣ ਦੀ ਹਵਸ ਪੂਰੀ ਤਰ੍ਹਾਂ ਭਰ ਦਿੱਤੀ ਗਈ। ਖੇਡ ਪੂਰੇ ਜ਼ੋਰ 'ਤੇ ਸੀ, ਜਾਂ ਉਸ ਵਿੱਚ ਥੋੜ੍ਹੀ ਜਿਹੀ ਰੁਕਾਵਟ ਪੈ ਗਈ। ਸ਼ੇਰੇ ਪੰਜਾਬ ਦੇ ਘਾਤਕ ਰੋਗ ਨੇ ਥੋੜ੍ਹਾ ਜਿਹਾ ਮੋੜਾ ਖਾਧਾ। ਕੁਦਰਤ ਨੇ ਮਹਾਰਾਜ ਨੂੰ ਕੁਛ ਸੋਚਣ ਵਿਚਾਰਨ ਤੇ ਫ਼ੈਸਲਾ ਕਰਨ ਦੀ ਮੁਹਲਤ ਦੇ ਦਿੱਤੀ। ਏਨੇ ਕੁ ਸਮੇਂ ਨੂੰ ਗਨੀਮਤ ਸਮਝ ਕੇ ਸ਼ੇਰੇ ਪੰਜਾਬ ਨੇ ਰਾਜ-ਗੱਦੀ ਦੇ ਵਾਰਸ ਦਾ ਫ਼ੈਸਲਾ ਕਰ ਦਿੱਤਾ। ਉਹਨਾਂ ਹੁਕਮ ਦਿੱਤਾ, “ਸਾਡੇ ਪਿੱਛੋਂ ਸਾਡਾ ਵੱਡਾ ਪੁੱਤਰ ਟਿੱਕਾ ਖੜਕ ਸਿੰਘ ਪੰਜਾਬ ਦਾ ਬਾਦਸ਼ਾਹ ਬਣੇਗਾ ਤੇ ਰਾਜਾ ਧਿਆਨ ਸਿੰਘ ਉਸਦਾ ਵਜ਼ੀਰ ਹੋਵੇਗਾ।" ਮਹਾਰਾਜ ਨੇ ਦੋਹਾਂ ਅਧਿਕਾਰੀਆਂ ਤੋਂ ਇੱਕ ਦੂਜੇ ਦੇ ਮਿੱਤਰ ਤੇ ਦੇਸ਼ ਦੇ ਵਫ਼ਾਦਾਰ ਰਹਿਣ ਦੀਆਂ ਕਸਮਾਂ ਚੁਕਾਈਆਂ। ਰਾਜਾ ਧਿਆਨ ਸਿੰਘ ਨੇ ਗੀਤਾ 'ਤੇ ਹੱਥ ਧਰ ਕੇ ਸੌਂਹ ਖਾਧੀ। ਨੀਤੀ ਦੇ ਪੁਜਾਰੀਆਂ ਦੀ ਨਜ਼ਰ ਵਿੱਚ ਸੌਂਹ ਖਾਣ ਦਾ ਵਸੀਲਾ ਹੀ ਤਾਂ ਹੁੰਦੇ ਨੇ ਧਾਰਮਿਕ ਗ੍ਰੰਥ। ਇਸ ਤੋਂ ਵੱਧ ਉਹਨਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ। ਧਿਆਨ ਸਿੰਘ ਨੇ ਵੀ ਇਹ ਕਸਮ ਵਕਤ ਟਾਲਣ ਵਾਸਤੇ ਹੀ ਖਾਧੀ ਸੀ।
ਸ਼ੇਰੇ ਪੰਜਾਬ ਚਲੇ ਗਏ। ਉਹਨਾਂ ਦਾ ਜੇਠਾ ਪੁੱਤਰ ਪੰਜਾਬ ਦੇ ਤਖ਼ਤ ਉੱਤੇ ਬੈਠਾ। ਮਹਾਰਾਜਾ ਖੜਕ ਸਿੰਘ ਦੀ ਤਾਜਪੋਸ਼ੀ ਦੀ ਰਸਮ ਬੜੀ ਧੂਮ- ਧਾਮ ਨਾਲ ਹੋਈ ਤੇ ਕਿਲ੍ਹੇ ਦੀਆਂ ਕੰਧਾਂ ਉੱਤੋਂ ਨਵੇਂ ਹੁਕਮਰਾਨ ਦੀ ਸਲਾਮੀ ਵਾਸਤੇ ਤੋਪਾਂ ਦਗ਼ੀਆਂ। ਰਾਜਾ ਧਿਆਨ ਸਿੰਘ ਉਸਦਾ ਵੱਡਾ ਵਜ਼ੀਰ ਬਣਿਆ।
ਉਸ ਵੇਲੇ ਲਾਹੌਰ ਦਰਬਾਰ ਵਿੱਚ ਸ. ਚੇਤ ਸਿੰਘ ਦੀ ਹੱਛੀ ਤਾਕਤ ਸੀ। ਉਹ ਮਹਾਰਾਜਾ ਖੜਕ ਸਿੰਘ ਦਾ ਸਾਲਾ ਸੀ। ਵਜ਼ਾਰਤ ਉੱਤੇ ਉਹ ਆਪਣਾ ਹੱਕ ਸਮਝਦਾ ਸੀ। ਉਸ ਦੀਆਂ ਆਸਾਂ ਦੇ ਉਲਟ ਵਜ਼ੀਰ ਬਣ ਗਿਆ ਰਾਜਾ ਧਿਆਨ ਸਿੰਘ। ਇਹ ਵੇਖ ਕੇ ਸ. ਚੇਤ ਸਿੰਘ ਡਾਢਾ ਔਖਾ ਹੋਇਆ। ਏਥੋਂ ਤੱਕ ਕਿ ਉਹ ਗਰਮ ਹੋ ਕੇ ਡੋਗਰਿਆਂ ਨਾਲ ਖੁੱਲ੍ਹ-ਮਖੁੱਲ੍ਹਾ