ਵਾਸਤੇ ਸੋਚਣ ਲੱਗ ਪੈਣ, ਤਾਂ ਫਿਰ ਰੱਖਿਆ ਕੌਣ ਕਰੇਗਾ ?"
"ਰਾਜਾ ਸਾਹਿਬ! ਗੱਲ ਸਾਫ਼-ਸਾਫ਼ ਦੱਸੋ। ਵਧੇਰੇ ਵਿਆਖਿਆ ਦੀ ਲੋੜ ਨਹੀਂ।" ਕੰਵਰ ਦਾ ਦਿਲ ਕਾਹਲਾ ਪੈਣ ਲੱਗ ਪਿਆ ਸੀ।
"ਸਾਫ਼ ਗੱਲ ? ਕਹਿੰਦਿਆਂ ਛਾਤੀ ਫਟਦੀ ਹੈ, ਮਹਾਰਾਜ। ਸ: ਚੇਤ ਸਿੰਘ ਦੀ ਖੋਟੀ ਸਲਾਹ ਦਾ ਨਤੀਜਾ, ਮ. ਖੜਕ ਸਿੰਘ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰਨ ਬਾਰੇ ਸੋਚ ਰਹੇ ਨੇ। ਜੇ ਇਸ ਔਖੇ ਸਮੇਂ ਆਪ ਨੇ ਹਿੰਮਤ ਨਾ ਵਿਖਾਈ, ਤਾਂ ਪੰਜਾਬ ਦੀ ਆਜ਼ਾਦੀ ਗ਼ੁਲਾਮੀ ਵਿੱਚ ਬਦਲ ਜਾਏਗੀ। .... ਹਾਇ! ਇਸ ਆਜ਼ਾਦੀ ਬਦਲੇ ਹਜ਼ੂਰ ਦੇ ਵੱਡ ਵਡੇਰਿਆਂ ਨੇ ਕਿੰਨਾ ਖੂਨ ਡੁਹਲਿਆ ਸੀ।" ਰਾਜਾ ਗੁਲਾਬ ਸਿੰਘ ਦੇ ਹੰਝੂ ਸਫ਼ੈਦ ਦਾੜ੍ਹੀ ਉਤਦੀ ਤਿਲਕ-ਤਿਲਕ ਕੇ ਝੋਲੀ ਵਿੱਚ ਢਹਿ ਰਹੇ ਸਨ।
"ਰਾਜਾ ਸਾਹਿਬ! ਐਸਾ ਨਹੀਂ ਹੋਵੇਗਾ।" ਕੰਵਰ ਨੇ ਜਵਾਨੀ ਦੇ ਜੋਸ਼ ਵਿੱਚ ਗਰਜ ਕੇ ਕਿਹਾ।
"ਤਾਂ ਸ਼ੇਰੇ ਪੰਜਾਬ ਦੇ ਯੋਗ ਪੋਤਰੇ ਨੂੰ ਰਾਜ ਦੀ ਡੋਰ ਆਪ ਸੰਭਾਲਣੀ ਪਵੇਗੀ। ਸਿਰਫ਼ ਏਹਾ ਇੱਕ ਰਾਹ ਹੈ ਪੰਜਾਬ ਤੇ ਸਿੱਖ ਕੌਮ ਦੀ ਆਜ਼ਾਦੀ ਨੂੰ ਬਚਾਉਣ ਦਾ। ਹਜ਼ੂਰ ਦੀ ਖ਼ਾਤਰ ਇਹ ਬੁੱਢਾ ਸੇਵਾਦਾਰ ਖੂਨ ਦੀ ਆਖ਼ਰੀ ਬੂੰਦ ਵਹਾ ਦੇਵੇਗਾ।" ਮੌਕਾ ਤਾੜ ਕੇ ਗੁਲਾਬ ਸਿੰਘ ਨੇ ਉਮੜੇ ਹੋਏ ਜੋਸ਼ ਵਿੱਚ ਵਾਧਾ ਕਰਨ ਦੇ ਇਰਾਦੇ ਨਾਲ ਕਿਹਾ।
ਰਾਜਾ ਗੁਲਾਬ ਸਿੰਘ ਦਾ ਜਾਦੂ ਚੱਲ ਗਿਆ। ਕੰਵਰ ਨੌਨਿਹਾਲ ਸਿੰਘ ਪੂਰੀ ਤਰ੍ਹਾਂ ਪ੍ਰੇਰਿਆ ਗਿਆ। ਉਹਦੇ ਜਵਾਨੀ ਦੇ ਜੋਸ਼ ' ਨੇ ਗੱਲ ਦੀ ' ਤਹਿ ਤੱਕ ਪਹੁੰਚਣ ਵਾਸਤੇ ਉਸ ਨੂੰ ਸੋਚਣ ਦਾ ਸਮਾਂ ਨਾ ਦਿੱਤਾ। ਉਹ ਲਾਹੌਰ ਜਾਣ ਵਾਸਤੇ ਰਾਜਾ ਗੁਲਾਬ ਸਿੰਘ ਦੇ ਨਾਲ ਤਿਆਰ ਹੋ ਪਿਆ। ਸਾਰੇ ਰਾਹ ਗੁਲਾਬ ਸਿੰਘ ਮਿਥੀ ਹੋਈ ਗੋਂਦ ਅਨੁਸਾਰ ਕੰਵਰ ਦੇ ਕੰਨ ਭਰਦਾ ਆਇਆ। ਏਸ ਸਮੇਂ ਵਿੱਚ ਰਾਜਾ ਧਿਆਨ ਸਿੰਘ ਦੇ ਜ਼ਹਿਰੀਲੇ ਪ੍ਰਚਾਰ ਨੇ ਸਿੱਖ ਫ਼ੌਜ ਨੂੰ ਵੀ ਮ. ਖੜਕ ਸਿੰਘ ਦੇ ਵਿਰੁੱਧ ਕਰ ਦਿੱਤਾ। ਧਿਆਨ ਸਿੰਘ ਹਰ ਫ਼ੌਜੀ ਪੰਚ ਤੇ ਅਫ਼ਸਰ ਕੋਲ ਕਹਿੰਦਾ ਫਿਰਦਾ, "ਖ਼ਾਲਸਾ ਜੀ! ਇਹ ਸਮਾਂ ਫੇਰ ਹੱਥ ਨਹੀਂ ਜੇ ਆਉਣਾ। ਬਚਾ ਲਵੋ, ਜੇ ਸਿੱਖ ਰਾਜ ਬਚਦਾ ਜੇ ਤਾਂ।