ਸਮੇਂ ਧਿਆਨ ਸਿੰਘ ਤੇਰਾਂ ਚੌਦਾਂ ਹਮਾਇਤੀਆਂ ਦਾ ਜੱਥਾ ਲੈ ਕੇ ਸ਼ਾਹੀ ਮਹਿਲਾਂ ਵੱਲ ਤੁਰ ਪਿਆ। ਬਾਹਰਲੀ ਡਿਉਢੀ ਅੱਗੇ ਪੂਰਬੀਏ ਪਹਿਰੇਦਾਰ ਖਲੇ ਸਨ। ਓਹਨਾਂ ਅੱਧੀ ਰਾਤ ਵੇਲੇ ਅੰਦਰ ਜਾਣ ਤੋਂ ਰੋਕਿਆ, ਤਾਂ ਧਿਆਨ ਸਿੰਘ ਦੇ ਹੁਕਮ ਨਾਲ ਦੋਵੇਂ ਪਹਿਰੇਦਾਰ ਕਤਲ ਕਰ ਦਿੱਤੇ ਗਏ। ਦੋ ਮਾਮੂਲੀ ਨੌਕਰਾਂ ਦੀ ਜ਼ਿੰਦਗੀ ਦੀ ਕੀ ਕੀਮਤ ਹੈ ਇੱਕ ਸਿਆਸਤਦਾਨ ਦੀ ਨਜ਼ਰ ਵਿੱਚ। ਥੋੜ੍ਹਾ ਅੱਗੇ ਗਏ, ਤਾਂ ਮਹਾਰਾਜਾ ਖੜਕ ਸਿੰਘ ਦਾ ਗੜਵਈ ਮਿਲ ਪਿਆ। ਡੋਗਰਾ ਜੁੰਡੀ ਨੂੰ ਵੇਖ ਕੇ ਉਹ ਆਪਣੇ ਮਾਲਕ ਨੂੰ ਖ਼ਬਰ ਦੇਣ ਵਾਸਤੇ ਦੌੜਿਆ। ਧਿਆਨ ਸਿੰਘ ਨੇ ਗੋਲੀ ਮਾਰ ਕੇ ਉਹਨੂੰ ਰਾਹੇ ਹੀ ਮਾਰ ਦਿੱਤਾ। ਗੋਲੀ ਦੀ ਆਵਾਜ਼ ਸੁਣ ਕੇ ਮਹਾਰਾਣੀ ਚੰਦ ਕੌਰ ਵੀ ਆ ਪਹੁੰਚੀ।
ਸਰਦਾਰ ਚੇਤ ਸਿੰਘ ਤੇ ਮਹਾਰਾਜਾ ਖੜਕ ਸਿੰਘ ਕੋਲੋਂ ਕੋਲ ਸੁੱਤੇ ਪਏ ਸਨ। ਬੰਦੂਕ ਦਾ ਖੜਾਕ ਸੁਣ ਕੇ ਸ. ਚੇਤ ਸਿੰਘ ਉੱਠ ਕੇ ਭੋਹਰੇ ਵਿੱਚ ਜਾ ਲੁਕਿਆ। ਮਗਰ ਮ. ਖੜਕ ਸਿੰਘ ਨੂੰ ਨੱਸਣ ਦਾ ਸਮਾਂ ਨਾ ਮਿਲਿਆ। ਸ. ਚੇਤ ਸਿੰਘ ਨੂੰ ਭੋਹਰੇ ਵਿੱਚੋਂ ਕੱਢ ਕੇ ਮਹਾਰਾਜੇ ਦੇ ਸਾਹਮਣੇ ਲਿਆ ਕੇ ਕਤਲ ਕੀਤਾ ਗਿਆ।
ਅਗਲੇ ਦਿਨ ਨੌਨਿਹਾਲ ਸਿੰਘ ਪੰਜਾਬ ਦੇ ਤਖ਼ਤ 'ਤੇ ਬੈਠਾ ਤੇ ਰਾਜਾ ਧਿਆਨ ਸਿੰਘ ਉਸ ਦਾ ਵਜ਼ੀਰ ਬਣਿਆ।
ਕੈਦ ਵਿੱਚ ਮ. ਖੜਕ ਸਿੰਘ ਨੂੰ ਜ਼ਹਿਰ ਦੇ ਕੇ ਬੀਮਾਰ ਕਰ ਦਿੱਤਾ ਗਿਆ। ਅੰਤ ਉਹ ਆਪਣੇ ਪੁੱਤਰ ਦਾ ਮੂੰਹ ਵੇਖਣ ਨੂੰ ਤਰਸਦਾ-ਤਰਸਦਾ ਵੀਰਵਾਰ, ਪੰਜ ਨਵੰਬਰ, ੧੮੪੦ ਈ. ਨੂੰ ਸੁਰਗਵਾਸ ਹੋ ਗਿਆ। ਉਹਨੇ ਤਿੰਨ ਮਹੀਨੇ ਤੇ ਯਾਰਾਂ ਦਿਨ ਰਾਜ ਕੀਤਾ ਅਤੇ ਇੱਕ ਸਾਲ ਅਠਾਈ ਦਿਨ ਕੈਦ ਦੇ ਤਸੀਹੇ ਭੁਗਤੇ। ਰਾਜਾ ਧਿਆਨ ਸਿੰਘ ਦੇ ਹੁਕਮ ਨਾਲ ਮ. ਖੜਕ ਸਿੰਘ ਦੀ ਚਿਖਾ ਵਿੱਚ ਤੇਰਾਂ ਰਾਣੀਆਂ ਜ਼ਬਰਦਸਤੀ ਸਤੀ ਕੀਤੀਆਂ ਗਈਆਂ।
ਰਾਜਾ ਧਿਆਨ ਸਿੰਘ ਇਸ ਲੰਮੀ ਬਾਜ਼ੀ ਨੂੰ ਬੜੀ ਛੇਤੀ ਖ਼ਤਮ ਕਰਨਾ ਚਾਹੁੰਦਾ ਸੀ। ਇਕੇ ਦਾਅ ਉੱਤੇ ਉਹਨੇ ਦੋ ਮੋਹਰੇ ਇਕੱਠੇ ਖ਼ਤਮ ਕਰਨ ਦੀ ਧਾਰੀ ਹੋਈ ਸੀ। ਖੜਕ ਸਿੰਘ ਦਾ ਸਸਕਾਰ ਕਰਕੇ ਕੰਵਰ