ਪੰਜਾਬ ਦਾ ਮਹਾਰਾਜਾ ਹੋਵੇਗਾ ਤੇ ਆਪ ਰਾਜ ਮਾਤਾ।" ਧਿਆਨ ਸਿੰਘ ਨੇ ਆਪਣੀ ਗੋਂਦ ਦਾ ਓਨਾ ਹਿੱਸਾ ਦੱਸ ਦਿੱਤਾ, ਜਿੰਨੇ ਨਾਲ ਜਿੰਦਾਂ ਇੱਕ ਮਿੱਠੇ ਜਿਹੇ ਲਾਰੇ ਪਿੱਛੇ ਉਹਦੇ ਵੱਲੇ ਤਾਂਘਦੀ ਰਹੇ। "ਹਾਂ, ਆਪ ਲੋੜ ਸਮਝੋ, ਤਾਂ ਸੰਧਾਵਾਲੀਆਂ ਕੋਲ ਬੇਸ਼ੱਕ ਮੇਰੇ ਵਿਰੁੱਧ ਵੀ ਦੋ-ਚਾਰ ਸ਼ਬਦ ਕਹਿ ਦੇਣੇ। ਮੇਰਾ ਕੀ ਏ ?" ਜਾਂਦਾ-ਜਾਂਦਾ ਧਿਆਨ ਸਿੰਘ ਕਹਿ ਗਿਆ।
ਸਾਰੀ ਰਾਤ ਜਿੰਦਾਂ ਧਿਆਨ ਸਿੰਘ ਦੀਆਂ ਗੱਲਾਂ ਬਾਰੇ ਸੋਚਦੀ ਰਹੀ। ਰਾਜ ਦਾ ਲਾਰਾ ਤਾਂ ਕੌਮਾਂ ਨੂੰ ਦੀਵਾਨੀਆਂ ਕਰ ਦੇਂਦਾ ਏ, ਤੇ ਇੱਕ ਜਿੰਦਾਂ ਦੀ ਕੀ ਗੱਲ ? ਪਿਛਲੀ ਰਾਤ ਉਹਦੀ ਅੱਖ ਲੱਗੀ, ਤਾਂ ਉਹ ਦਲੀਪ ਸਿੰਘ ਨੂੰ ਰਾਜ-ਗੱਦੀ 'ਤੇ ਬੈਠਿਆਂ ਵੇਖਦੀ ਰਹੀ। ਅਗਲੇ ਦਿਨ ਹੀ ਉਹਨੇ ਸੰਧਾਵਾਲੀਏ ਲਹਿਣਾ ਸਿੰਘ ਨੂੰ ਬੁਲਾ ਲਿਆ।
ਸ. ਲਹਿਣਾ ਸਿੰਘ ਤੇ ਮਹਾਰਾਣੀ ਜਿੰਦਾਂ ਦੀ ਮੁਲਾਕਾਤ ਦੋ ਘੰਟੇ ਚਲਦੀ ਰਹੀ। ਪਹਿਲਾਂ-ਪਹਿਲਾਂ ਤਾਂ ਦੋਵੇਂ ਨੀਤੀਵਾਨ ਇੱਕ ਦੂਜੇ ਦਾ ਮਨ ਟੋਹਣ ਵਾਸਤੇ ਸੰਭਲ-ਸੰਭਲ ਕੇ ਚਲਦੇ ਰਹੇ, ਪਰ ਅਖ਼ੀਰ ਖੁੱਲ੍ਹ ਪਏ। ਉਹ ਸਮਝ ਗਏ ਕਿ ਸਾਡੇ ਨੇੜ ਵਿੱਚ ਕਿਸੇ ਦਾ ਵੀ ਨੁਕਸਾਨ ਨਹੀਂ। ਜਿੰਦਾਂ ਨੇ ਬੜੀ ਅਪਣੱਤ ਪਰਗਟ ਕਰਦਿਆਂ ਕਿਹਾ, "ਸਰਦਾਰ ਸਾਹਿਬ! ਤੁਹਾਡੇ ਨਾਲੋਂ ਹੋਰ ਮੇਰਾ ਨਿਗਦਾ ਕੌਣ ਏਂ ? ਮੇਰਾ ਤੇ ਮੇਰੇ ਬੱਚੇ ਦਾ ਜੋ ਦਰਦ ਤੁਹਾਨੂੰ ਏਂ, ਹੋਰ ਕਿਸੇ ਨੂੰ ਕਿਵੇਂ ਹੋ ਸਕਦਾ ਏ ? ਦਲੀਪ ਜੇਹੋ ਜਿਹਾ ਮਹਾਰਾਜ ਦਾ ਪੁੱਤਰ, ਓਹੋ ਜਿਹਾ ਤੁਹਾਡਾ। ਆਖਦੇ ਨੇ, ਪਾਣੀ ਨਾਲੋਂ ਲਹੂ ਸੰਘਣਾ ਹੁੰਦਾ ਏ। ਦਲੀਪ ਤੁਹਾਡਾ ਲਹੂ ਹੈ। ਇਹਦੇ ਸਿਰ 'ਤੇ ਤੁਹਾਡਾ ਹੱਥ ਹੋਵੇ, ਤਾਂ ਮੈਨੂੰ ਹੋਰ ਕੀ ਚਾਹੀਦਾ ਏ ? ਅਸੀਂ ਤਾਂ ਦੋਵੇਂ ਮਾਂ-ਪੁੱਤਰ ਤੁਹਾਡੇ ਆਸਰੇ ਆਂ।”
"ਬੀਬੀ ਸਾਹਿਬ!" ਉਮਰੋਂ ਛੋਟੀ ਤੇ ਭਰਜਾਈ ਹੋਣ ਦੇ ਨਾਤੇ, ਸ. ਲਹਿਣਾ ਸਿੰਘ, ਜਿੰਦਾਂ ਨੂੰ ਏਸੇ ਤਰ੍ਹਾਂ ਸੰਬੋਧਨ ਕਰਿਆ ਕਰਦਾ ਸੀ। "ਅਸੀਂ" ਤਾਂ ਤੁਹਾਨੂੰ ਮਹਾਰਾਜ ਦੇ ਥਾਂ ਹੀ ਸਮਝਦੇ ਹਾਂ। ਸਾਡੇ ਆਪਣੇ ਘਰ ਦੀ ਪਾਟੋਧਾੜ ਨੇ ਅੱਗੇ ਡੋਗਰਿਆਂ ਨੂੰ ਅਸਮਾਨ 'ਤੇ ਚੜ੍ਹਾ ਦਿੱਤਾ ਏ। ਉਹਨਾਂ ਦੀ ਤਾਕਤ ਹੀ ਸਾਡੀ ਤਬਾਹੀ ਦਾ ਕਾਰਨ ਬਣ ਰਹੀ ਹੈ। ਅਜੇ ਵੀ ਅਸੀਂ ਆਪਸ ਵਿੱਚ ਇੱਕ ਹੋ ਜਾਈਏ ਤਾਂ ਉਹਨਾਂ ਦੁਸ਼ਟਾਂ ਨੂੰ ਟਿਕਾਣੇ ਲਾਇਆ ਜਾ ਸਕਦਾ ਏ।"