ਇਹ ਓਦੋਂ ਦੀਆਂ ਗੱਲਾਂ ਹਨ, ਜਦੋਂ ਅਜੇ ਜਿੰਦਾਂ ਇਹਨਾਂ ਗੱਲਾਂ ਦੇ ਅਰਥ ਨਹੀਂ ਸੀ ਸਮਝਦੀ। ਉਹ ਏਸੇ ਖ਼ੁਸ਼ੀ ਵਿੱਚ ਨੱਚੀ ਟੱਪੀ ਜਾ ਰਹੀ ਸੀ ਕਿ ਮਾਂ ਨੇ ਉਹਨੂੰ ਰਣਜੀਤ ਸਿੰਘ ਦੀ ਰਾਣੀ ਬਣਾਉਣ ਦਾ ਇਕਰਾਰ ਕਰ ਦਿੱਤਾ ਸੀ।
ਇਹ ਹਾਸੇ ਭਾਣੇ ਦੀ ਗੱਲ ਸਹੇਲੀਆਂ ਨੇ ਜਿੰਦਾਂ ਦੀ ਛੇੜ ਬਣਾ ਲਈ। ਉਹ ਠੱਠੇ ਨਾਲ ਉਹਨੂੰ 'ਰਾਣੀ ਜਿੰਦਾਂ' ਆਖਣ ਲੱਗ ਪਈਆਂ।
ਪਹਿਲਾਂ-ਪਹਿਲਾਂ ਤਾਂ ਜਿੰਦਾਂ 'ਰਾਣੀ' ਅਖਵਾ ਕੇ ਬੜੀ ਖ਼ੁਸ਼ ਹੁੰਦੀ, ਪਰ ਉਮਰ ਤੇ ਗਿਆਨ ਦੇ ਵਾਧੇ ਨਾਲ ਜਦ ਉਹਨੂੰ ਇਸ ਸ਼ਬਦ ਦੇ ਅਰਥਾਂ ਦੀ ਸਮਝ ਪਈ, ਤਾਂ ਉਹ ਚਿੜਨ ਲੱਗ ਪਈ। ਕੋਈ ਵੀ ਕੁਆਰੀ ਕੁੜੀ ਅਜਿਹੀ ਗੱਲ ਤੋਂ ਜ਼ਰੂਰ ਚਿੜੇਗੀ, ਅੰਦਰੋਂ ਭਾਵੇਂ ਉਹ ਖ਼ੁਸ਼ ਵੀ ਹੋਵੇ। ਜਿਉਂ-ਜਿਉਂ ਜਿੰਦਾਂ ਚਿੜਦੀ, ਤਿਉਂ-ਤਿਉਂ ਸਹੇਲੀਆਂ ਵਧੇਰੇ ਛੇੜਦੀਆਂ। ਕਈ ਵਾਰ ਜਿੰਦਾਂ ਖਿੱਝ ਕੇ ਰੋਣ-ਹਾਕੀ ਹੋ ਜਾਂਦੀ। "ਵੇਖ ਲੈ ਮਾਂ! ਫੇਰ ਮੈਂ ਕੁਛ ਆਖਿਆ, ਤਾਂ ਇਹ ਆਪਣੀ ਵਾਰ ਰੋਊਗੀ।" ਵਧੇਰੇ ਗੁੱਸਾ ਜਿੰਦਾਂ ਨੂੰ ਆਪਣੀ ਵੱਡੀ ਭੈਣ ਉੱਤੇ ਆਉਂਦਾ ਕਿਉਂਕਿ ਜਿੰਦਾਂ ਨੂੰ ਛੇੜਨ ਵਿੱਚ ਓਹ ਸਭ ਤੋਂ ਮੋਹਰੀ ਹੁੰਦੀ ਸੀ।
"ਭਲਾ ਮਾਂ! ਮੈਂ ਕਿਉਂ ਰੋਣਾ ਏਂ ? ਜੋ ਇਹਦਾ ਜੀ ਆਵੇ, ਇਹ ਕਹੀ ਜਾਵੇ।" ਵੱਡੀ ਭੈਣ ਨੇ ਅੱਗੋਂ ਹੱਸਦਿਆਂ ਹੱਸਦਿਆਂ ਉੱਤਰ ਦੇਣਾ।
"ਭੜਾਣੀਏਂ ਸੜਾਣੀਏਂ, ਸੰਧੂ ਘੜੰਧੂ।" ਜਿੰਦਾਂ ਨੇ ਮੂੰਹ ਚਿੜਾ ਕੇ ਕਹਿਣਾ।
"ਆਖੀ ਚੱਲ, ਆਖੀ ਚੱਲ। ਮੈਂ ਕੋਈ ਗੁੱਸਾ ਕਰਦੀ ਆਂ ? ਨਾਲੇ ਰਾਣੀ ਜਿੰਦਾਂ ਦਾ ਗੁੱਸਾ ਕਰਕੇ ਰਹਿਣਾ ਕੀਹਦੇ ਰਾਜ ਵਿੱਚ ਹੋਇਆ ?" ਵੱਡੀ ਭੈਣ ਨੇ ਓਸੇ ਤਰ੍ਹਾਂ ਮੁਸਕਰਾਉਂਦਿਆਂ ਉੱਤਰ ਦੇਣਾ। ਉਹ ਭੜਾਣੀਏਂ ਸਰਦਾਰਾਂ ਦੇ ਮੰਗੀ ਹੋਈ ਸੀ।
"ਤੂੰ ਤਾਂ ਲੱਜ-ਲੱਥੀ ਏਂ। ਤੂੰ ਗੁੱਸਾ ਕਾਹਨੂੰ ਕਰਨਾ ਹੋਇਆ ?" ਜਿੰਦਾਂ ਏਸ ਗੱਲੋਂ ਬੜੀ ਔਖੀ ਸੀ ਕਿ ਉਹਦੇ ਚਿੜਾਉਣ ਨਾਲ ਵੱਡੀ ਭੈਣ ਗੁੱਸਾ ਕਿਉਂ ਮਹਿਸੂਸ ਨਹੀਂ ਕਰਦੀ ?