ਇਹ ਬੱਚਿਆਂ ਦੀਆਂ ਗੱਲਾਂ, ਘਰ ਦੇ ਵਡੇਰਿਆਂ ਦੇ ਦਿਲਾਂ ਵਿੱਚ ਘਰ ਕਰਦੀਆਂ ਗਈਆਂ। ਮਾਤਾ-ਪਿਤਾ ਥਾਉਂ ਥਾਂਈਂ ਕਈ ਵਾਰ ਸੋਚਣ ਲੱਗ ਪੈਂਦੇ, 'ਜਿੰਦਾਂ ਬਹੁਤ ਖੂਬਸੂਰਤ ਏ। ਇਹ ਬੁੱਧ ਦੀ ਵੀ ਬੜੀ ਤੇਜ਼ ਏ। ਸਾਰੇ ਪੰਜਾਬ ਵਿੱਚ ਇਹਦੇ ਵਰਗੀ ਕੋਈ ਨਹੀਂ ਹੋਣੀ। ਇਹਦੀ ਸ਼ਾਦੀ ਸ਼ੇਰੇ-ਪੰਜਾਬ ਨਾਲ ਕਰ ਦਿੱਤੀ ਜਾਵੇ, ਤਾਂ ਇਹਦੇ ਭਾਗ ਉਘੜ ਪੈਣ। ਇਕ ਇਹਦੀ ਕੀ ਗੱਲ, ਸਾਰੇ ਘਰਾਣੇ ਦੀ ਕਿਸਮਤ ਜਾਗ ਪਵੇ।'
ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਨਿਰਾ ਪੰਜਾਬ ਦਾ ਬਾਦਸ਼ਾਹ ਹੀ ਨਹੀਂ ਸੀ, ਆਪਣੀ ਕੌਮ ਦਾ ਲੀਡਰ ਵੀ ਸੀ। ਆਪਣੇ ਗੁਣਾਂ ਤੇ ਪਰਜਾ ਦਾ ਹਿੱਤ ਚਾਹੁਣ ਦੇ ਕਾਰਨ ਉਹ ਸਮੁੱਚੇ ਪੰਜਾਬੀਆਂ ਦਾ ਹਰ-ਮਨ ਪਿਆਰਾ ਸੀ। ਲੋਕ ਉਹਦੇ ਨਾਲ ਨੇੜ ਪ੍ਰਾਪਤ ਕਰਨ ਤੇ ਰਿਸ਼ਤਾ ਗੰਢਣ ਵਿੱਚ ਆਪਣਾ ਮਾਣ ਤੇ ਖ਼ੁਸ਼-ਕਿਸਮਤੀ ਸਮਝਦੇ ਸਨ। ਉਸ ਸਮੇਂ ਹੁਕਮਰਾਨ ਨੂੰ ਰੱਬ ਦਾ ਨਾਇਬ ਤੇ ਨਿਹ-ਕਲੰਕ ਸਮਝਿਆ ਜਾਂਦਾ ਸੀ। ਵੱਡਿਆਂ ਬੰਦਿਆਂ ਵਿੱਚ ਓਦੋਂ ਬਹੁਤੇ ਵਿਆਹ ਕਰਾਉਣ ਦਾ ਰਿਵਾਜ ਸੀ। ਉਸ ਜ਼ਮਾਨੇ ਤਾਂ ਬੱਚਿਆਂ ਨੂੰ ਕਹਾਣੀ ਇਹ ਸੁਣਾਈ ਜਾਂਦੀ ਸੀ : 'ਇਕ ਸੀ ਰਾਜਾ। ਉਹਦੀਆਂ ਸੱਤ ਰਾਣੀਆਂ ਸਨ।' ਸੋ ਜੇ ਮਾਮੂਲੀ ਰਾਜੇ ਦੀਆਂ ਸੱਤ ਰਾਣੀਆਂ ਹੋ ਸਕਦੀਆਂ ਸਨ, ਤਾਂ ਮਹਾਰਾਜੇ ਦੀਆਂ ਸਤਾਈ ਕਿਉਂ ਨਾ ਹੋਣ ? ਤੇ ਸ਼ੇਰੇ-ਪੰਜਾਬ ਤਾਂ ਪੰਜਾਬ ਦੇ ਕਈ ਰਾਜਿਆਂ ਦਾ ਮਹਾਰਾਜਾ ਸੀ।
ਸ. ਮੰਨਾ ਸਿੰਘ ਨੇ ਪੱਕਾ ਮਨ ਬਣਾ ਲਿਆ ਕਿ ਜਿੰਦਾਂ ਨੂੰ ਸ਼ੇਰੇ- ਪੰਜਾਬ ਦੀ ਰਾਣੀ ਬਣਾਉਣਾ ਹੈ। ਮੰਨਾ ਸਿੰਘ ਆਪਣੇ ਇਲਾਕੇ (ਪਿੰਡ ਚਾਹੜ, ਤਸੀਲ ਜ਼ਫ਼ਰਵਾਲ, ਜ਼ਿਲ੍ਹਾ ਸਿਆਲਕੋਟ) ਦਾ ਮੰਨਿਆ ਪ੍ਰਮੰਨਿਆ ਸਰਦਾਰ ਸੀ। ਉਹ ਔਲਖ ਗੋਤ ਦਾ ਜੱਟ ਸਿੱਖ ਸੀ। ਉਹਦੀ ਵੱਡੀ ਲੜਕੀ ਭੜਾਣੀਏ ਸ. ਮਿੱਤ ਸਿੰਘ ਦੇ ਲੜਕੇ ਜਵਾਲਾ ਸਿੰਘ ਨਾਲ ਮੰਗੀ ਹੋਈ ਸੀ। ਮੰਨਾ ਸਿੰਘ ਦੀ ਭੈਣ ਪਿੰਡ ਐਮਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਸ. ਨਾਰ ਸਿੰਘ ਨਾਲ ਵਿਆਹੀ ਹੋਈ ਸੀ। ਸ. ਨਾਰ ਸਿੰਘ ਖੱਤਰੀਆਂ ਦੀ ਉੱਪਲ ਗੋਤ ਵਿੱਚੋਂ ਸੀ। ਓਸ ਸਮੇਂ ਦੇ ਸਿੱਖ ਜ਼ਾਤ ਗੋਤ ਨੂੰ ਬਹੁਤਾ ਨਹੀਂ ਸਨ ਮੰਨਦੇ। ਸ: ਨਾਰ ਸਿੰਘ ਤੇ ਸ. ਮਿੱਤ ਸਿੰਘ ਦੋਵੇਂ ਸ਼ੇਰੇ-ਪੰਜਾਬ ਦੇ ਨਾਮਵਰ ਸਰਦਾਰਾਂ ਵਿੱਚੋਂ ਸਨ। ਜਿੰਦਾਂ ਦੀ ਸ਼ਾਦੀ ਸ਼ੇਰੇ-ਪੰਜਾਬ ਨਾਲ ਕਰਕੇ ਮੰਨਾ ਸਿੰਘ ਦਾ ਘਰਾਣਾ ਹੋਰ ਅਗੇਰੇ ਵਧਣ ਦੀ ਚਾਹ ਰੱਖਦਾ ਸੀ।