ਕੋਈ ਰੋਇਆ ਹੀ ਨਹੀਂ
ਕੋਈ ਰੋਇਆ ਹੀ ਨਹੀਂ ਜਾਂ ਅੱਖਾਂ ਚ ਸ਼ਬਨਮ ਨਹੀਂ ਸੀ
ਸਭ ਪੱਥਰ ਦਿਲ ਸੀ ਜਾਂ ਮੇਰੇ ਗੀਤਾਂ ਚ ਗਮ ਨਹੀਂ ਸੀ।
ਅਣਸੁਣਿਆ ਹੀ ਕਰ ਗਏ ਮੇਰੇ ਅਜ਼ੀਜ਼ ਮਹਿਰਮ ਵੀ,
ਐਪਰ ਤਾਲ ਮੇਰੇ ਗੀਤਾਂ ਦੀ ਇੰਨੀ ਮੱਧਮ ਨਹੀਂ ਸੀ
ਫੁੱਲਾਂ ਦੇ ਗੁਲਦਸਤੇ ਲੈ ਕੇ ਅਸੀਂ ਗਏ ਸੀ ਜਿਨ੍ਹਾਂ ਨੂੰ,
ਸਾਡੇ ਵੱਲ ਉਹਨਾਂ ਨੇ ਪੁੱਟਿਆ ਇੱਕ ਕਦਮ ਨਹੀਂ ਸੀ।
ਅਸੀਂ ਸਾਰੀ ਰਾਤ ਰੋਂਦੇ ਰਹੇ ਬੈਠ ਤਾਰਿਆਂ ਦੀ ਛਾਵੇਂ,
ਦਰਦ ਉਸਦੇ ਇਸ਼ਕ ਦਾ ਸੀ ਕੋਈ ਜ਼ਖ਼ਮ ਨਹੀਂ ਸੀ।
ਜ਼ਖਮੀ ਦਿਲ ਨੂੰ ਤਲੀ ਤੇ ਧਰਕੇ ਜਦ ਸੱਜਣਾ ਵੱਲ ਨੂੰ ਹੋਏ,
ਓਹਦੇ ਹੱਥ ਵੀ ਖੰਜ਼ਰ ਸੀ, ਪਰ ਮਲ੍ਹਮ ਨਹੀਂ ਸੀ।