ਉਥਾਨਕਾ
ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਸੰਪਾਦਨ ਸਮੇਂ ਸੰਨ 1926 ਤੋਂ 1936 ਈ: ਤਕ, ਸਾਡੀ ਇਹ ਤੀਬ੍ਰ ਢੂੰਡ ਰਹੀ ਕਿ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਪੁਰਾਣੇ ਤੋਂ ਪੁਰਾਣਾ ਲਿਖਤੀ ਨੁਸਖਾ, ਯਾ ਕਵੀ ਜੀ ਦਾ ਲਿਖਤੀ ਅਸਲ ਗ੍ਰੰਥ ਮਿਲੇ, ਤਥਾ ਕਵੀ ਜੀ ਦੀ ਜੀਵਨੀ ਦੇ ਸਵਿਸਥਾਰ ਹਾਲਾਤ ਮਿਲਨ ਤੇ ਫਿਰ ਓਹ ਗ੍ਰੰਥ ਬੀ ਪ੍ਰਾਪਤ ਹੋਣ ਜੋ ਇਸ ਅਮੋਲਕ ਗੁਰ ਇਤਿਹਾਸ ਦਾ ਸੋਮਾਂ ਹਨ ਯਾ ਜਿਨ੍ਹਾਂ ਤੋਂ ਕਵੀ ਜੀ ਨੇ ਆਪਣੇ ਗ੍ਰੰਥ ਰਚਨ ਸਮੇਂ ਲਾਭ ਉਠਾਇਆ ਹੈ। ਇਸ ਢੂੰਡ ਤੇ ਖੋਜ ਵਿਚ ਚੋਖਾ ਸਮਾਂ ਖਰਚ ਹੋਇਆ ਤੇ ਜੋ ਕੁਝ ਤਲਾਸ਼ ਵਿਚ ਸਫਲਤਾ ਹੋਈ ਓਹ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪ੍ਰਸਤਾਵਨਾਂ ਤੋਂ ਸਪਸ਼ਟ ਹੋ ਜਾਂਦੀ ਹੈ:
ਇਸ ਗੁਰ ਇਤਿਹਾਸ ਦੇ ਸੋਮਿਆਂ ਦੀ ਢੂੰਡ ਦੇ ਸੰਬੰਧ ਵਿਚ ਗੁਰ ਇਤਿਹਾਸ ਦੇ ਜੋ ਪੁਰਾਤਨ ਗ੍ਰੰਥ ਲੱਭੇ ਜਾ ਸਕੇ ਉਨ੍ਹਾਂ ਦਾ ਵੇਰਵਾ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪ੍ਰਸਤਾਵਨਾ 'ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਸੋਮੇਂ ਦੇ ਸਿਰਲੇਖ ਥੱਲੇ ਦਿੱਤਾ ਹੋਇਆ ਹੈ; ਜਿਸ ਵਿਚ ਪ੍ਰਾਚੀਨ ਗ੍ਰੰਥਾਂ ਦੇ ਮਸਾਲੇ ਨੂੰ ਗੁ: ਪ੍ਰ: ਸੂਰਜ ਦੀ ਰਚਨਾਂ ਨਾਲ ਮੇਲ ਮੇਲ ਕੇ, ਟਾਕਰੇ ਕਰ ਕਰ ਕੇ ਤੇ ਇਹ ਨਿਸਚੇ ਕਰ ਕਰਕੇ ਕਿ ਅਮਕੀ ਪੁਸਤਕ ਵੀ ਗ੍ਰੰਥ ਰਚਨਾ ਸਮੇਂ ਕਵੀ ਜੀ ਦੇ ਪਾਸ ਮੌਜੂਦ ਸੀ, ਨਿਤਾਰਿਆ ਤੇ ਉਨ੍ਹਾਂ ਦੀ ਸੂਚੀ ਸੰਖੇਪ ਨੋਟਾਂ ਨਾਲ ਓਥੇ ਦੇ ਦਿੱਤੀ ਗਈ।
ਉਨ੍ਹਾਂ ਸੋਮਿਆਂ ਵਿਚੋਂ ਇਕ ਪੁਸਤਕ ਇਹ ਬੀ ਸੀ, ਜੋ ਇਸ ਵੇਲੇ ਆਪ ਦੇ ਕਰ ਕਵਲਾਂ ਵਿਚ ਹੈ। ਇਸ ਵਿਚ ਨੌਵੇਂ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਜੀ ਦੇ ਮਾਲਵੇ ਦੇ ਸਫਰਾਂ ਦੀਆਂ ਛੋਟੀਆਂ ਛੋਟੀਆਂ ਸਾਖੀਆਂ ਹਨ ਤੇ ਕਵੀ ਸੰਤੋਖ ਸਿੰਘ ਜੀ ਨੇ ਇਸ ਪੁਸਤਕ ਦੀਆਂ ਇਨ੍ਹਾਂ ਸਾਖੀਆਂ ਨੂੰ ਆਪਣੇ ਗ੍ਰੰਥ, ਗੁਰ ਪ੍ਰਤਾਪ ਸੂਰਜ ਦੀ ਰਾਸ ੧੧ ਤੇ ਐਨ ੧ ਵਿਚ ਆਪਣੀ ਕਾਵ੍ਯ ਰਚਨਾਂ ਵਿਚ ਵਾਰਤਕ ਤੋਂ ਕਵਿਤਾ ਵਿਚ ਉਲਥਾਯਾ ਹੈ।