ਸਫਰਾਂ ਦੀ ਸਾਖੀ ਪੋਥੀ ਤੇ ਸਰ ਅਤਰ ਸਿੰਘ
ਇਹ ਪੋਥੀ ਅਪਣੇ ਅਸਲੀ ਗੁਰਮੁਖੀ ਰੂਪ ਵਿਚ ਤਾਂ ਹੁਣ ਹੀ ਪਹਿਲੀ ਵੇਰ ਛਾਪੇ ਦਾ ਜਾਮਾਂ ਪਹਿਨ ਰਹੀ ਹੈ, ਪਰ ਇਸ ਦਾ ਅੰਗਰੇਜ਼ੀ ਤਰਜੁਮਾਂ ਅਜ ਤੋਂ ਲਗ ਪਗ ਪਉਣੀ ਸਦੀ ਪਹਿਲੇ ਛਪ ਗਿਆ ਸੀ। ਸਰ ਸਰਦਾਰ ਅਤਰ ਸਿੰਘ ਜੀ ਰਈਸ ਭਦੌੜ ਨੂੰ ਅਪਣੇ ਸਮੇਂ ਇਹ ਪੋਥੀ ਮਿਲੀ ਤੇ ਉਨ੍ਹਾਂ ਨੇ ਇਸ ਦਾ ਅੰਗ੍ਰੇਜ਼ੀ ਤਰਜੁਮਾਂ ਕੀਤਾ ਤੇ 1876 ਈ: ਦੇ ਜਨਵਰੀ ਦੇ ਮਹੀਨੇ ਲਾਹੌਰ ਦੇ 'ਇੰਡੀਅਨ ਪਬਲਿਕ ਉਪੀਨੀਅਨ ਪ੍ਰੈਸ ਵਿਚ ਛਪਵਾਇਆ ਤੇ ਇਸ ਦਾ ਨਾਮ ਰਖਿਆ:-
The Travels of Guru Teg Bahadur and Guru Gobind Singh
ਇਹ ਅੰਗਰੇਜ਼ੀ ਪੋਥੀ ਬੀ ਇਸ ਵੇਲੇ ਦੁਰਲਭ ਹੋ ਰਹੀ ਹੈ, ਪਰ ਸਾਡੇ ਪਾਸ ਇਸ ਦੀ ਇਕ ਕਾਪੀ ਗੁ: ਪ੍ਰ: ਸੂ: ਗ੍ਰੰ: ਦੇ ਸੰਪਾਦਨ ਵੇਲੇ ਮੌਜੂਦ ਹੈਸੀ।
ਸਾਨੂੰ ਅਸਲ ਗੁਰਮੁਖੀ ਪੋਥੀ ਕਿਥੋਂ ਮਿਲੀ
ਇਸ ਪੋਥੀ ਦਾ ਅੰਗ੍ਰੇਜ਼ੀ ਤਰਜੁਮਾ ਸਰ ਸਰਦਾਰ ਅਤਰ ਸਿੰਘ ਜੀ ਵਾਲਾ ਭਾਵੇਂ ਸਾਡੇ ਪਾਸ ਮੌਜੂਦ ਸੀ ਤੇ ਗੁ: ਪ੍ਰ: ਸੂ: ਗ੍ਰੰਥ ਦੇ ਪ੍ਰਕਾਸ਼ਨ ਸਮੇਂ ਉਸ ਤਰਜੁਮੇ ਤੋਂ ਇਹ ਤਾਂ ਸ਼ੱਕ ਪੈਂਦਾ ਸੀ ਕਿ ਇਸ ਅੰਗ੍ਰੇਜੀ ਪੋਥੀ ਦਾ ਅਸਲ ਗੁਰਮੁਖੀ ਨੁਸਖਾ ਗੁ: ਪ੍ਰ: ਸੂ: ਗ੍ਰੰਥ ਦੀ ਰਚਨਾ ਸਮੇਂ ਕਵੀ ਜੀ ਪਾਸ ਜ਼ਰੂਰ ਹੈਸੀ ਪਰ ਜੋ ਲਾਭ ਤੇ ਟਾਕਰੇ ਦਾ ਸੱਖ ਅਸਲ ਗੁਰਮੁਖੀ ਪੋਥੀ ਤੋਂ ਹੋ ਸਕਦਾ ਸੀ ਓਹ ਅੰਗ੍ਰੇਜ਼ੀ ਤਰਜਮੇ ਤੋਂ ਸੰਭਵ ਨਹੀਂ ਸੀ, ਸੋ ਅਸਲ ਪੇਥੀ ਦੀ ਢੂੰਡ ਜਾਰੀ ਰਹੀ। ਤੇ ਉਨ੍ਹਾਂ ਦਿਨਾਂ ਵਿਚ ਹੀ ਸ੍ਰੀਮਾਨ ਭਾਈ ਸਾਹਿਬ ਸਿੰਘ ਜੀ ਗਯਾਨੀ ਧਮਧਾਣ ਸਾਹਿਬ ਵਾਲੇ ਸ੍ਰੀ ਅੰਮ੍ਰਿਤਸਰ ਤਸ਼ਰੀਫ ਲਿਆਏ, ਉਨ੍ਹਾਂ ਨੇ ਸਾਡੀ ਇਹ ਖਾਹਸ਼ ਲਖਕੇ ਇਸ ਪੁਸਤਕ ਦੀ ਮਾਲਵੇ ਵਿਚ ਢੂੰਡ ਕਰਨ ਦਾ ਭਰੋਸਾ ਦਿਵਾਇਆ ਤੇ ਇਸ ਉਦਮ ਵਿਚ ਓਹ ਛੇਤੀ ਹੀ ਕਾਮਯਾਬ ਹੋ ਗਏ ਤੇ ਸੰ: 1935 ਦੇ ਸ਼ੁਰੂ ਵਿਚ ਹੀ ਓਹ ਇਸ ਪੋਥੀ ਦਾ ਇਕ ਪੁਰਾਤਨ ਕਲਮੀ ਨੁਸਖਾ ਸਾਡੇ ਪਾਸ ਸ੍ਰੀ ਅੰਮ੍ਰਿਤਸਰ ਲੈ ਆਏ। ਇਹ ਪੁਸਤਕ ਓਹ ਮਾਂਗਵੀਂ ਲਿਆਏ ਸਨ, ਇਸ ਲਈ ਅਸਾਂ ਉਸ ਦਾ ਉਤਾਰਾ ਝਟ ਪਟ ਹੀ ਕਰ ਲਿਆ