

ਇਤਨੇ ਸਚੇ ਪਾਤਿਸਾਹਿ ਕਾ ਧਿਆਨੁ ਘੋੜਿਆਂ ਵਲੁ ਹੋਇ ਗਇਆ। ਦੇਖੇ ਤਾਂ ਇਕੁ ਸਿਖਣੀ ਫਿਰਦੀ ਹੈ। ਬਚਨ ਹੋਇਆ, 'ਸਿਖੋ! ਘੋੜਿਆਂ ਬਿਚਿ ਸਿਖਣੀ ਕੌਣ ਫਿਰਦੀ ਹੈ? ਬੁਲਾਵੇ।' ਬੁਲਾਈ, 'ਜੀ' ਆਣ ਹਜੂਰ ਹਥ ਬੰਨ ਕੇ ਬੇਨਤੀ ਕਰੀ। ਤਾਂ ਬਚਨ ਹੋਇਆ: 'ਸਿਖਣੀਏ ਤੂੰ ਕਿਸ ਮਨੋਰਥ ਫਿਰਦੀ ਹੈ?
ਕਹਿਆ: 'ਜੀ ਮੈਨੂੰ ਬੇਟੀ ਮਾਰੀ ਕਾ ਸਰਾਪ ਲਗਾ ਹੈ, ਜੀ ਤੁਸੀਂ ਕ੍ਰਿਪਾ ਕਰੋ, ਬਖਸੋ ਜੀ, ਫੇਰ ਮੈਂ ਅਨੇਕ ਜਨਮ ਨਹੀਂ ਛੁਟਾਂਗੀ।'
ਸਚੇ ਪਾਤਿਸਾਹਿ ਚੁਪ ਕਰ ਗਏ। ਚੁਪ ਕਰ ਬਚਨ ਹੋਇਆ: 'ਸਿਖਣੀਏ! ਇਸ ਤਲਾਉ ਵਿਚ ਬੜ ਜਾਹ ਸੁਧਾ ਜੋੜੀ, ਸੁਧਾ ਕਪੜੀਂ। ਸਿਖਣੀ ਤਲਾਉ ਵਿਚਿ ਵੜ ਗਈ। ਜਾਂ ਮੁਹਿ ਜਲੁ ਪੈਣ ਲਗਾ, ਤਾਂ ਬਚਨ ਹੋਇਆ; 'ਸਿਖਣੀਏ ਮੁੜ ਆਉ, ਤੇਰਾ ਪਾਪ ਦੂਰ ਹੋ ਗਇਆ।'
ਤਾਂ ਸਿਖਣੀ ਮੁੜ ਆਈ।
ਤਾਂ ਫੇਰ ਬਚਨ ਹੋਇਆ ਸਿਖਾਂ ਨੂੰ: 'ਸਿਖੋ! ਜੋ ਸਿਖ ਸਿਖਣੀ ਨੂੰ ਸਰਾਪ ਲਗੇਗਾ ਬੇਟੀ ਮਾਰੀ ਕਾ, ਸੁਧਾ ਕਪੜੀਂ ਸੁਧਾ ਜੋੜੀਂ ਐਸ ਤਲਾਉ ਵਿਚਿ ਗੋਤੇ ਮਾਰੇਗਾ, ਤਨਖਾਹ ਬਖਸਾਵੈਗਾ, ਉਸਕਾ ਪਾਪ ਜਾਵੈਗਾ*।'
ਇਤਨੇ ਸਚੇ ਪਾਤਿਸਾਹਿ ਨੇ ਕਮਰਕਸਾ ਖੋਲਿਆ। ਛੇ ਉਂਗਲਾਂ ਕਾ ਸਪੋਲੀਆ ਨਿਕਲਕੇ ਢਹਿ ਪਇਆ। ਸਿਖ ਲਗੇ ਮਾਰਨੇ। ਭਜ ਕੇ ਜੰਡ ਵਿਚਿ ਵੜ ਗਿਆ। ਸਿਖਾਂ ਪੁਛਿਆ: ਸਚੇ ਪਾਤਿਸਾਹਿ, ਇਹਿ ਕੀ ਭਾਣਾਂ ਵਰਤਿਆ ??
ਬਚਨ ਹੋਇਆ: 'ਸਿਖੋ। ਇਹ ਕਾਲ ਥੀ, ਹਮ ਨੇ ਪਕੜਿਆ ਥੀ, ਇਸ ਮਾਲਵੇ ਮਾਂਹਿ ਤੇ ਉਸ ਮਾਲਵੇ ਮਾਹਿ ਛੋਡਾਂਗੇ— ਉਜੈਨ ਕੀ ਧਰਤੀ। ਸਾਥੋਂ ਏਥੇ ਹੀ ਛੁਟਿ ਗਇਆ। '
ਫੇਰ ਬਚਨ ਹੋਇਆ ਸਿਖਾਂ ਨੂੰ: 'ਸਿਖੋ! ਏਥੇ ਕਿਤੇ ਬ੍ਰਹਮਾਂ ਬੀ ਹੈ, ਦੇਖੋ ਤਾਂ ਸਿਖੋ!'
* ਸਤਿਗੁਰੂ ਜੀ ਇਹ ਖੁਲ੍ਹ ਕਦੇ ਨਹੀਂ ਦੇ ਸਕਦੇ ਕਿ ਲੋਕ ਧੀਆਂ ਮਾਰਕੇ ਕਿਸੇ ਖਾਸ ਤਲਾਉ ਵਿਚ ਇਸ਼ਨਾਨ ਕਰ ਲੈਣ ਤਾਂ ਓਹ ਦੋਸ਼ੀ ਜਾਂ ਪਾਪੀ ਨਹੀਂ ਰਹਿਣਗੇ।