

ਸਿਖਾਂ ਕਹਿਆ: 'ਸਚੇ ਪਾਤਿਸਾਹਿ, ਗੁਰੂ ਗੋਬਿੰਦ ਸਿੰਘ ਜੀ ਹੈਨ। ਅਤੇ ਤੁਸੀ ਕਉਨ ਹਉ ?
ਉਨਾਂ ਕਹਿਆ: 'ਅਸੀਂ ਲਬਾਣੇ ਸਿਖ ਦੇ ਨੌਕਰ ਹਾਂ ਜੀ।'
ਸਿਖਾਂ ਆਣ ਕਹਿਆ: ‘ਸੰਗਤ ਹੈ ਜੀ, ਗੁਰੂ ਕੀ।'
ਲਥਾਣੇ ਸਿਖ ਦਿਆਂ ਅਸਵਾਰਾਂ ਜਾਇ ਕਹਿਆ, ‘ਗੁਰੂ ਜੀ ਹੈਨ। ਫੇਰ ਕੋਈ ਘੜੀ ਪਿਛੋਂ ਲਬਾਣਾ ਆਇ ਉਤਰਿਆ। ਗੁਰੂ ਜੀ ਨੂੰ ਗੁੜ ਮਥਾ ਟੇਕਿਆ ਤੀਹ ਮਣ। ਓਦੋਂ ਦੇਗ ਨਾ ਬਣਾਈ, ਗੁੜ ਹੀ ਛਕਾਇਆ ਸਿਖਾਂ ਨੂੰ, ਘੋੜਿਆਂ ਨੂੰ ਨਿਹਾਰੀ ਗੁੜ ਹੀ ਵਰਤਾਇਆ। ਓਹੁ ਲਬਾਣਾ ਸਿਖ ਦਸਵੰਧ ਦਿੰਦਾ ਹੁੰਦਾ ਸੀ। ਉਸ ਦੀ ਭਾਵਨੀ ਗੁੜ ਹੀ ਦੇਣੇ ਦੀ ਸੀ।
ਤੀਰਥ ਦੇ ਉਗਣ ਵਲ ਦੇ ਪਾਸੇ ਦੇ ਜੋਗੀ ਆਣ ਖੜੇ ਹੋਏ। ਹਥਿ ਜੋੜ ਨਮਸਕਾਰ ਕਰੀ। ਗੁਰੂ ਜੀ ਆਦਰੁ ਕੀਆ ਦਸਤ ਸਿਉ। ਫੇਰ ਗੁਰੂ ਜੀ ਏਕ ਅੰਗੁਲੀ ਖੜੀ ਕਰੀ, ਫੇਰ ਦੋ, ਫੇਰ ਤਿੰਨ, ਚਾਰ ਪਾਂਚੋਂ ਕਰੀਆਂ। ਫੇਰ ਗੁਰੂ ਜੀ ਪੰਜਾ ਛਾਤੀ ਯੋਂ ਲਗਾਇਆ। ਜੋਗੀ ਦੇਖ ਕਰਿ ਪ੍ਰਸਿੰਨ ਹੋ ਕਰਿ ਚਲੇ ਗਯੇ। ਸਿਖਾਂ ਅਰਦਾਸ ਕਰੀ: 'ਸਚੇ ਪਾਤਿਸਾਹਿ ਆਪ ਕਾ ਬਚਨ ਹੈ, ਕੰਨ ਕਟੇ ਕਾ ਮੇਲ ਨਹੀਂ ਕਰਣਾ। ਏਹ ਤਾਂ ਕੰਨ ਕਟੇ ਹੈਸਨ ??
ਗੁਰੂ ਜੀ ਕਹਿਆ: 'ਏਹ ਗੋਪੀ ਚੰਦ ਭਰਥਰੀ ਹੈਸਨ।'
ਤਾਂ ਸਿਖਾਂ ਕਹਿਆ: 'ਸਾਨੂੰ ਭੀ ਦਰਸ਼ਨ ਕਰਾਈਏ ਜੀ!'
ਗੁਰੂ ਜੀ ਕਹਿਆ: 'ਹੁਣ ਤਾਂ ਦਿੱਲੀ ਦੇ ਲਾਲ ਬਜ਼ਾਰ ਵਿਚ ਹੈਨ।'
ਸਿਖਾਂ ਅਰਦਾਸ ਕਰੀ: 'ਜੀ ਅੰਗੁਲੀ ਪੰਜੇ ਕਾ ਅਰਥ ਪ੍ਰਗਟ ਕਰੀਏ ਜੀ ?
ਤਾਂ ਗੁਰੂ ਜੀ ਕਹਿਆ: 'ਓਨਾਂ ਪ੍ਰਸਨ ਕੀਤਾ ਸੀ: ਏਹੁ ਸਮਾਂ ਕਲਜੁਗ ਦਾ ਕਠਨ ਹੈ, ਰਖੀਸਰ ਮੁਨੀਸਰ ਅਤੇ ਸਿਧ ਡਰਦੇ ਇਸ ਲੋਕ ਨੂੰ ਛਡ ਗਏ ਹੈਨ, ਅਤੇ ਤੁਸੀਂ ਜਹਾਜ ਪੂਰਿਆ ਹੈ, ਪਾਰ ਕ੍ਯੋਂ ਕਰ ਲੰਘੇਗਾ? ਗੁਰੂ ਜੀ ਕਹਿਆ: 'ਅੰਗੁਲੀਆਂ ਕਰ ਉਤਰਿ ਦੀਆ ਸੀ। ਇਸ ਕਾ ਅਰਥੁ ਇਹੁ ਹੈ ਜੋ ਕੋਈ ਇਕ ਸਿਖ ਦੀ ਸੇਵਾ ਭਾਵਨੀ ਕਰ ਕਰੇਗਾ, ਏਕ ਹੀ ਸਿਖ ਦੀ ਸੇਵਾ ਕਰਨੇ ਕਰ ਪਾਰ ਲੰਘੇਗਾ। ਫੇਰ ਉਨਹੁ ਨੇ ਕਹਿਆ ਸਚੇ ਪਾਤਿਸਾਹਿ ਜੀ, ਸਿਖ ਦੇ ਅੰਤਸਕਰਨ ਮਲਨ ਹੋਵੈਗੇ, ਉਨ ਬਿਖੇ ਬਲ ਥੋੜਾ ਹੋਵੈਗਾ, ਤਾਂ ਓਹ ਕੈਸੇ ਲੰਘਾਵੇਗਾ। ਫੇਰ ਅਸੀਂ ਦੋ ਅੰਗੁਲੀਆਂ ਖੜੀਆਂ ਕਰੀਆਂ।