Back ArrowLogo
Info
Profile

ਜਿਥੇ ਗੁਰੂ ਜੀ ਨੇ ਡੇਰਾ ਕੀਤਾ ਸੀ, ਓਥੇ ਇਕ ਮੁਢ ਉਤੇ ਤਿੰਨ ਜੰਡਿ ਸਨ। ਓਥੇ ਓਸ ਜੰਡ ਨੂੰ ਮਥਾ ਟੇਕੀਦਾ ਹੈ। ਓਸ ਜੰਡ ਦੇ ਨਾਲ ਸਸਤ੍ਰ ਗੁਰੂ ਜੀ ਝੁਲਾਏ ਸੇ ਕਮਰ ਖੋਲਕੇ। ਸੁਖਾਂ ਪੂਰੀਆਂ ਹੁੰਦੀਆਂ ਹਨ ਓਸ ਜਾਗਾ ਕੀਆਂ। ਜੋਗੀ ਕਾ ਪਾਲੀ ਟੋਰੀ' ਪੀਲੂੰ ਕੀ ਲਿਆਂਵਦਾ, ਸਭਹੀ ਅਘਾਇ ਜਾਂਦੇ। ਓਦੋਂ ਉਹ ਭੀ ਥੁੜ ਗਈ। ਬਛੇ ਨਾਲ ਗਾਂਈ ਦੇ ਸਾਰਾ ਦਿਨ ਰਹਿੰਦੇ ਚਰਦੇ, ਚੁੰਘਦੇ ਨਾਂ, ਗਾਂਈ ਚੁੰਘਾਇ ਆਈਆਂ। ਤਾਉੜੀ ਖਿਚੜੀ ਕੀ ਰਿੰਨ੍ਹਦਾ, ਫੇਰ ਲਾਹਿਕੇ ਭੰਨ ਦੇਂਦਾ। ਜਿਤਨੇ ਸਰੀਰ ਹੁੰਦੇ ਓਨੇ ਹੀ ਠੀਕਰੇ ਹੇ ਜਾਂਦੇ। ਫੇਰ ਭੰਨੀ ਤਾਉੜੀ, ਦੇਇ ਠੀਕਰੇ ਹੋਏ। ਜੋਗੀ ਦੀ ਸਕਤਿ ਜਾਂਦੀ ਰਹੀ। ਗੁਰੂ ਜੀ ਥੋਂ ਕਰਾਮਾਤ ਮੰਗੀ ਥੀ। ਜੋਗੀ ਓਥੋਂ ਉਠਕੇ ਸਤਾਬੀ ਰਤੀਏ ਜਾਇ ਰਹਿਆ। ਗਾਂਈ ਵਛੇ ਲੈਇ ਗਇਆ, ਹੋਰ ਸਭ ਕੁਹੁ ਛਡਿ ਗਇਆ: ਘੋੜੇ, ਬਸਤ੍ਰ, ਵਰਤਣ, ਭਾਂਡੇ, ਖਰਾਸ, ਗੱਡਾ ॥੬੩॥

64. ਭੂਦੜ

ਗੁਰੂ ਜੀ ਸ਼ਿਕਾਰ ਖੇਡਦੇ ਖੇਡਦੇ ਛੇਈਂ ਕੋਹੀਂ ਭੂੰਦੜ ਗਏ। ਗੁਰੂ ਜੀ ਨੂੰ ਭੂੰਦੜਿ ਨੇ ਮੱਥਾ ਟੇਕਿਆ, ਪੰਜ ਰੁਪੱਯੇ ਇਕੁ ਥਾਨੁ। ਦੁਧ ਸਿਖਾਂ ਨੂੰ ਛਕਾਇਆ ਮਿਠਾ ਕਰਕੇ, ਹੋਰ ਗੋਸਟ ਹੋਈ।

ਗੁਰੂ ਜੀ ਕਹਿੰਦੇ: ‘ਭੂੰਦੜਾ ਅਸੀ ਚੜਦੇ ਹਾਂ।' ਭੂੰਦੜ ਕਹਿੰਦਾ: 'ਜੀ ਰਹੇ। ਕੋਈ ਟਹਿਲ ਫੁਰਮਾਓ! ' ਗੁਰੂ ਜੀ ਚੜੇ ਥੇਹੜੀ ਵਿਚਦੀ ॥੬੪॥

1. ਕਾਨਿਆਂ ਦੀ ਬਣੀ ਲੰਬੇਤਰੀ ਪੱਛੀ ਯਾ ਟੋਕਰੀ ਜਿਸ ਵਿਚ ਪੀਲੂ (ਵਣ ਬ੍ਰਿਛ ਦਾ ਫਲ) ਪਾਉਂਦੇ ਹਨ।

2. ਗੁ: ਪ੍ਰ: ਸੂਰਜ ਗ੍ਰੰਥ ਐਨ ੧ ਅੰਸੂ ੧੫।

3. ਸੂ: ਪ੍ਰ: ਨੇ ਭੂੰਦੜ ਦੀਵਾਨਾ ਲਿਖਿਆ ਹੈ।

4. ਇਹ ਤੇ ਅਗਲੇ ਦੇ ਤ੍ਰੈ ਪ੍ਰਸੰਗ ਐਨ ੧ ਅੰਸੂ ੧੬ ਵਿਚ ਇਸੇ ਤਰਤੀਬ ਵਿਚ ਹਨ।

63 / 114
Previous
Next