

90. ਕੜਾਹ ਲੁਟਾਇਆ
ਅਗੇ ਸਾਖੀ ਹੋਰ ਚਲੀ।
ਤਾਂ ਫੇਰਿ ਕੜਾਹੁ ਪ੍ਰਸਾਦਿ ਕਰਾਇਆ ਬਹੁਤੀ ਬੇਰ। ਜਬ ਕੜਾਹੁ ਪ੍ਰਸਾਦਿ ਹੋਇਆ ਤਬ ਹੁਕਮ ਹੋਆ, 'ਜੋ ਲੁਟਿ ਲੇਵਹੁ!' ਤਬ ਬਹੁਤੇ ਸਿਖ ਲੁਟਣ ਗਏ ਕੜਾਹੁ ਤੇ ਕਿਤਨੇ ਸਿਖ ਗੁਰੂ ਜੀ ਕੇ ਹਜੂਰ ਬੈਠੇ ਰਹੇ। ਓਹ ਲੁਟਣਿ ਨਾਂ ਗਏ। ਤਾਂ ਹੁਕਮ ਹੋਇਆ: ‘ਕੜਾਹ ਲੁਟਣੇ ਨਾ ਗਏ?
ਤਾਂ ਸਿਖਾਂ ਕਹਿਆ, 'ਸਚੇ ਪਾਤਿਸਾਹ ਜੇਹਾ ਬਾਂਡਾ' ਮਿਲਦਾ ਹੈ, ਤੇਹਾ ਖਾਇ ਲੈਂਦੇ ਹਾਂ, ਅਸੀਂ ਲੁਟਣ ਵਾਲਿਆਂ ਵਿਚੋਂ ਨਾਹੀਂ।'
ਹੁਕਮ ਹੋਇਆ: 'ਨਿਹਾਲ! ਖਾਲਸੇ ਵਿਚਿ ਲੁਟ ਭੀ ਹੋਵੇਗੀ, ਅਤੇ ਨਾਲੇ ਸਿਖੀ ਭੀ ਹੋਵੇਗੀ, ਦੋਵੇਂ ਬਾਤਾਂ ਹੋਵੇਂਗੀਆਂ। ਬਹੁੜ ਗੁਰੂ ਜੀ ਸਸਤ੍ਰ ਕਰ ਪ੍ਰਸੰਨ ਹੋਵੇਂ, ਸਸਤ੍ਰਾਂ ਕੀ ਪੂਜਾ ਕਰਹਿਂ। ਜੋ ਕੋਈ ਮਾਇਆ ਲਿਆਵੇ ਐਸੀ ਖੁਸੀ ਨਾ ਮਿਲੈ ਜੈਸੀ ਸਸਤ੍ਰ ਵਾਲੇ ਕੋ ਮਿਲੇ ॥੯੦॥
91. ਡਲੇ ਨੂੰ ਮੀਂਹ ਦਿਤਾ
ਅਗੇ ਸਾਖੀ ਹੋਰ ਚਲੀ।
ਤਾਂ ਫੇਰ ਡੱਲੇ ਬੈਰਾੜ ਕੇ ਹੁਕਮ ਹੋਆ, ਜੋ ਡਲਿਆ! ਤੂੰ ਰੋਜ ਲਿਆ ਕਰ ਸਰਕਾਰੋਂ। '
ਡੱਲੇ ਕਹਿਆ: 'ਬਚੇ ਪਾਤਿਸ਼ਾਹਿ ਜੀ! ਮੁਝੇ ਮੀਹਂ ਮਿਲੈ।' ਹੁਕਮ ਹੋਇਆ, ਡਲਿਆ! ਰੋਜ ਲੈ ਜੋ ਸਾਡੇ ਪਾਸ ਹੈ। ਮੀਹ ਤਾਂ ਅਸਾਡੀ ਬਗਲ ਵਿਚ ਨਾਹੀਂ ਕਿਉਂ ਜੋ ਤੈਨੂੰ ਕਢ ਦੇਈਏ।
ਤਾਂ ਕਿਸੀ ਦਿਨ ਫੇਰ ਰੋਜ ਖੁਲਾ ਤਾਂ ਗੁਰੂ ਜੀ ਕਹਿਆ: 'ਭਾਈ ਡਲਿਆ! ਰੋਜ ਲਿਆ ਕਰੋ। ' ਤਾਂ ਫੇਰ ਡਲੇ ਕਹਿਆ: 'ਸਚੇ ਪਾਤਿਸਾਹਿ ਜੀ! ਮੈਨੂੰ ਮੀਹੁ ਮਿਲੈ। ' ਤਾਂ ਗੁਰੂ ਜੀ ਫੇਰ ਅਣਸੁਣਿਆ ਕੀਤਾ। ਓਥੇ ਜੰਗਲ ਵਿਚਿ ਚਿਰੰਕਾਲ ਕੀ ਔੜ ਸੀ।
ਤਾਂ ਫੇਰ ਰੋਜ ਖੁਲਿਆ ਤੇ ਡੱਲਾ ਹਜ਼ੂਰ ਬੈਠਾ ਸੀ, ਤਾਂ ਹੁਕਮ ਹੋਇਆ 'ਡਲਿਆ ਰੋਜ ਲਿਆ ਕਰੋ ਸਰਕਾਰ।' ਤਾਂ ਫੇਰ ਡਲੇ ਕਹਿਆ, ‘ਸਚੇ ਪਾਤਿਸਾਹਿ ਜੀ! ਮੈਨੂੰ ਮੀਹ ਮਿਲੇ!' ਤਾਂ ਹੁਕਮ ਹੋਇਆ: 'ਜਟੂ ਪਿੰਨੇ ਤਾਂ ਕੰਧ ਥੀਂ ਘਿੰਨੇ। ਜਾਹਿ, ਛੱਪੜ ਹਛੇ ਕਰਾਇ।
1. ਵੰਡਾ, ਛਾਂਦਾ ।
2. ਐਨ ੧ ਅੰਸੂ ੨੮ ਅੰਕ ੧੫ ਤੋਂ ੨੦।