

99. ਧਰਤੀ ਨੂੰ ਕੌਣ ਉਠਾਈ ਖੜਾ ਹੈ ?
ਅਗੇ ਸਾਖੀ ਹੋਰ ਤੁਰੀ।
ਇਕ ਬੇਰ ਸ੍ਰੀ ਗੁਰੂ ਜੀ ਸਿਖੋਂ ਕੀ ਓਰ ਮੁਖ ਕਰਕੇ ਪੁਛਿਆ: 'ਜੋ ਭਾਈ ਧਰਤੀ ਕਉ ਕਉਨ ਉਠਾਈ ਖੜਾ ਹੈ ?`
ਤਾਂ ਸਿਖਾਂ ਕਹਿਆ: 'ਸਚੇ ਪਾਤਿਸਾਹਿ ਜੀ! ਆਪ ਕ੍ਰਿਪਾ ਕਰਕੇ ਕਹੀਏ ਜੀ ?”
ਤਾਂ ਫੇਰ ਹੁਕਮ ਹੋਇਆ: 'ਨਾ ਭਾਈ, ਕਛੁ ਜੋ ਕਿਸੀ ਸੁਨਿਆ ਹੋਇ ਸੋ ਕਹੋ!
ਤਾਂ ਸਿਖਾਂ ਕਹਿਆ: 'ਸਚੇ ਪਾਤਿਸਾਹਿ ਜੀ। ਕੋਈ ਕਹਿਤਾ ਹੈ ਧਰਤੀ ਕੋ ਬਲਦੁ ਉਠਾਈ ਖੜਾ ਹੈ, ਕੋਈ ਕਹਿਤਾ ਹੈ ਧਰਤੀ ਕੇ ਸ਼ੇਸ਼ ਨਾਗ ਉਠਾਈ ਖੜਾ ਹੈ।
ਹੁਕਮ ਹੋਯਾ: 'ਭਾਈ ਦੋਵੇਂ ਪਰਵਾਨ, ਪਰ ਬਲਦ ਅਰੁ ਸ਼ੇਸ਼ ਨਾਗ ਕਿਸ ਕੇ ਅਧਾਰ ਖੜੇ ਹੈਂ?
ਤਾਂ ਸਿਖਾਂ ਕਹਿਆ: 'ਸਚੇ ਪਾਤਿਸਾਹਿ ਜੀ! ਏਹੁ ਆਪ ਕਹੀਏ ਜੀ!' ਹੁਕਮ ਹੋਇਆ: 'ਓਹੁ ਸਚ ਕੇ ਆਸਰੇ ਖੜੇ ਹੈਂ। ਜਿਤਨੇ ਖੰਡ ਬ੍ਰਹਿਮੰਡ ਹੈਂ, ਸਮੁੰਦ੍ਰ, ਧਰਤੀ, ਚੰਦ੍ਰਮਾਂ ਅਰੁ ਸੂਰਜ ਸਭ ਸਚ ਕੇ ਆਸਰੇ ਖੜੇ ਹਹਿ। ਅਰ ਜੋ ਕੂੜ ਚਲਤਾ ਜਾਤਾ ਹੈ ਸੋ ਭੀ ਸਚ ਕੇ ਸਾਥ ਮਿਲਿਆ ਚਲਿਆ ਜਾਤਾ ਹੈ। ਸੁਧਾ ਕੂੜ ਚਲਿਆ ਨਾਹੀ ਪਾਵਤਾ। ਜੈਸੇ ਸੁਧਾ ਲੋਹਾ ਨਾਹੀ ਤਰਤਾ, ਪਰ ਨਾਉ ਸਾਥ ਮਿਲਿਆ ਲੋਹਾ ਭੀ ਤਰਤਾ ਫਿਰਤਾ ਹੈ, ਤੈਸੇ ਕੂੜ ਭੀ ਸਚ ਸਾਥ ਮਿਲਿਆ ਚਲਿਆ ਜਾਤਾ ਹੈ। '
ਤਾਂ ਸਿਖਾਂ ਕਹਿਆ: 'ਸਤਿ ਜੀ ਸਤਿ ਜੋ ਤੁਮਾਰੇ ਮੁਖ ਵਾਕ ਤੇ ਬਚਨ ਨਿਕਸੇ ਹੈ ਸੋ ਸਤਿ ਹੈ* ॥੯੯॥
* ਦਮਦਮੇ ਦੀਆਂ ਸਾਰੀਆਂ ਸਾਖੀਆਂ ਦੇ ਅਖੀਰ ਐਨ ੧ ਅੰਸੂ ੩੦ ਦੇ ਅੰਕ ੩੭ ਤੋਂ ਅਖੀਰ ਤਕ ਇਹ ਸਾਖੀ ਕਵੀ ਜੀ ਨੇ ਗੁ: ਪ੍ਰ: ਗ੍ਰੰ: ਵਿਚ ਦਿੱਤੀ ਹੈ।