ਗੂਜਰੀ ਜਾਤਿ ਗਵਾਰਿ
ਪਰਮ ਸਤਿਕਾਰ ਯੋਗ ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ !
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਗੁਰਬਾਣੀ ਦੀਆਂ ਰਮਜ਼ਾਂ ਉਹੀ ਜਾਣਦਾ ਹੈ ਜਿਹੜਾ ਬਾਣੀ ਨੂੰ ਅਰਸ਼ਾਂ ਉਤੋਂ ਫ਼ਰਸ਼ ਉੱਤੇ ਲਿਆਇਆ। ਅਸੀਂ ਤਾਂ ਇਕ ਨਿੱਕੀ ਜਿਹੀ ਗੱਲ ਦਾ ਧਿਆਨ ਧਰੀਏ ਤਾਂ ਉਲਝਣ ਵਿਚ ਫੱਸ ਜਾਂਦੇ ਹਾਂ। ਮਿਸਾਲ ਦੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਕੱਥ, ਅਮਿੱਟ ਬਚਨ ਹੈ :-
ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ॥
(ਅੰਗ ੫੧੬)
ਇਹ ਨਾ ਸੰਸਕ੍ਰਿਤ ਹੈ, ਨਾ ਹਿੰਦੀ ਹੈ, ਨਾ ਇਸ ਬਚਨ ਵਿਚ ਅਰਬੀ, ਫ਼ਾਰਸੀ ਦਾ ਜ਼ੋਰ ਹੈ। ਮੈਂ ਉਦੋਂ ਦਾ ਇਹ ਬਚਨ ਤੁਹਾਡੇ ਸਾਹਮਣੇ ਰੱਖਣ ਲੱਗਾ ਹਾਂ ਜਦੋਂ ਮੈਂ ਹਾਲਾਂ ਪੜ੍ਹਦਾ ਹੁੰਦਾ ਸੀ। ਮੈਨੂੰ ਇਸ ਬਚਨ ਦੇ ਅਰਥ ਸੁਣਾਏ ਗਏ ਕਿ ਗੁਜਰ ਗਵਾਰ ਹਨ। ਗੁਜਰਾਂ ਦੀ ਜਾਤ ਗਵਾਰ ਹੈ। ਕਿਉਂ ਗਵਾਰ ਹੈ? ਇਸ ਦਾ ਨਿਰਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ :-
ਗੁਜਰੁ ਗੋਰਸੁ ਵੇਚਿ ਕੈ
ਜਿਹੜਾ ਗੁਜਰ ਹੈ ਉਹ ਗਾਂ ਦਾ ਦੁੱਧ ਵੇਚ ਕੇ, ਅੰਮ੍ਰਿਤ ਦੁੱਧ ਵੇਚ ਕੇ-
ਖਲਿ ਸੂੜੀ ਆਣੈ।
(ਵਾਰ 34, ਪਉੜੀ 4)
ਸ਼ਹਿਰੋਂ ਆਉਂਦਾ ਹੋਇਆ ਗਾਂ ਵਾਸਤੇ ਖੱਲ ਤੇ ਸੂੜੀ ਲੈ ਕੇ ਆਉਂਦਾ ਹੈ। ਵੇਚਦਾ ਅੰਮ੍ਰਿਤ ਹੈ ਤੇ ਖ਼ਰੀਦਦਾ ਹੈ ਖੱਲ, ਸੂੜੀ। ਜਿਹੜਾ ਹੀਰੇ ਵੇਚ ਕੇ ਸੂੜੀ ਦੀਆਂ ਬੋਰੀਆਂ ਭਰ ਕੇ ਘਰ ਲੈ ਆਵੇ, ਉਹ ਗਵਾਰ ਨਹੀਂ ਤਾਂ ਹੋਰ ਕੀ ਹੈ।