ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ॥
(ਅੰਗ ੬੧੦)
ਜਿਸ ਦੇ ਅੰਦਰੋਂ ਭਰਮ ਦਾ ਹਨੇਰਾ ਦੂਰ ਹੋ ਗਿਆ ਅਤੇ ਅੰਦਰ ਚਾਨਣ ਹੋ ਗਿਆ, ਉਸ ਨੂੰ ਫਿਰ ਦੁਨੀਆਂ ਦੇ ਤਖ਼ਤੇ ਉੱਤੇ ਕੋਈ ਵੀ ਭੁੱਲਿਆ ਹੋਇਆ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹ ਸਾਰਿਆਂ ਵਿਚ ਇਕ ਬ੍ਰਹਮ ਨੂੰ ਦੇਖਦਾ ਹੈ। ਇਕ ਨੂੰ ਵਿਆਪਕ ਹੋਇਆ ਵੇਖਦਾ ਹੈ। ਇਕ ਨੂੰ ਰਮਿਆ ਹੋਇਆ ਦੇਖਦਾ ਹੈ। ਪਰ ਇਸ ਲਈ ਸ਼ਰਤ ਹੈ ਕਿ ਉਸ ਨੂੰ ਹੀ ਇਹ ਸਭ ਕੁਝ ਪ੍ਰਾਪਤ ਹੋ ਸਕਦਾ ਹੈ ਜਿਸ ਦੇ ਆਪਣੇ ਮਨ ਦਾ ਭਰਮ ਦੂਰ ਹੋ ਗਿਆ ਹੋਵੇ।
ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਬਚਨ ਹੈ :-
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ॥
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ॥
ਬਿਨੁ ਤੇਲ ਦੀਵਾ ਕਿਉ ਜਲੈ॥
(ਅੰਗ ੨੫)
ਹੇ ਪ੍ਰਮਾਤਮਾ ! ਜਿਹੜੇ ਆਪਣੇ ਆਪ ਨੂੰ ਮੰਨਦੇ ਸਨ ਕਿ ਕੋਈ ਵੀ ਸਾਨੂੰ ਛਲ ਨਹੀਂ ਸਕਦਾ, ਉਹ ਵੀ ਛੱਲੇ ਗਏ। ਹੇ ਵਾਹਿਗੁਰੂ! ਮੇਰੇ ਉੱਤੇ ਕ੍ਰਿਪਾ ਕਰ ਕਿ ਬ੍ਰਹਮਾ, ਮਹੇਸ਼ ਤੇ ਵਿਸ਼ਨੂੰ ਨੂੰ ਛੱਲ ਲੈਣ ਵਾਲੀ ਕਿਤੇ ਮੈਨੂੰ ਨਾ ਛੱਲ ਲਵੇ। ਕਿਤੇ ਮੇਰੇ ਉੱਤੇ ਉਸ ਦਾ ਵਾਰ ਨਾ ਚੱਲ ਜਾਵੇ। ਕਿਤੇ ਮੈਨੂੰ ਉਹ ਕੁਰਾਏ ਨਾ ਪਾ ਦੇਵੇ।
ਹੇ ਵਾਹਿਗੁਰੂ ! ਜਿਹੜੇ ਲੁੱਟ ਲੈਣ ਵਾਲੇ ਹੁੰਦੇ ਹਨ, ਜੇ ਉਹਨਾਂ ਦਾ ਕੋਈ ਦਾਉ ਪੇਚ ਨਾ ਚੱਲੇ ਤਾਂ ਫਿਰ ਉਹਨਾਂ ਨੇ ਲੁਕਾ ਕੇ ਇਕ ਛੁਰਾ ਰੱਖਿਆ ਹੋਇਆ ਹੁੰਦਾ ਹੈ, ਜਿਸ ਦੇ ਨਾਲ ਉਹ ਵਾਰ ਕਰ ਕੇ ਬੰਦੇ ਨੂੰ ਕਤਲ ਕਰਕੇ, ਉਸ ਨੂੰ ਮਾਰ ਕੇ ਲੁੱਟ ਕੇ ਲੈ ਜਾਂਦੇ ਹਨ। ਜਿਹੜੀ ਠੱਗਣੀ ਵਾਸਤੇ ਮੈਂ ਬਹਿਸ ਕਰ ਰਿਹਾ ਹਾਂ, ਇਸ ਨੇ ਆਪਣੇ ਕੋਲ ਇਕ ਬੜਾ ਭਾਰਾ ਛੁਰਾ ਰੱਖਿਆ ਹੋਇਆ ਹੈ। ਕਿਤੇ ਉਹ ਮੇਰੇ ਉੱਤੇ ਵਾਰ ਨਾ ਕਰ ਦੇਵੇ। ਹੇ ਵਾਹਿਗੁਰੂ ! ਮੈਨੂੰ ਬਚਾਅ ਲਈਂ। ਧੁਰ ਦਰਗਾਹੋਂ ਇਕ ਆਵਾਜ਼ ਆਈ ਕਿ ਜੇ ਬੱਚਣਾ ਹੈ ਤਾਂ ਇਕ ਗੱਲ ਕਰ :-
ਜਿਉ ਸਾਹਿਬੁ ਰਾਖੈ ਤਿਉ ਰਹੈ॥
(ਅੰਗ ੨੫)