ਸੋ ਦੁਖ ਕੈਸਾ ਪਾਵੈ॥
ਸਾਧ ਸੰਗਤ ! ਗੁਰੂ ਦੇ ਚਰਨਾਂ ਨਾਲ ਜੁੜੋ। ਉਹਨਾਂ ਦਾ ਬਖ਼ਸ਼ਿਆ ਹੋਇਆ ਅੰਮ੍ਰਿਤ ਗ੍ਰਹਿਣ ਕਰੋ।
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲ ਪੀਵੋ ਭਾਈ॥
ਮੈਂ ਅੱਜ ਸਿੱਖ ਪੰਥ ਦੀਆਂ ਕੁੜੀਆਂ ਨੂੰ ਦੇਖਦਾ ਹਾਂ ਤਾਂ ਉਹਨਾਂ ਦੇ ਸਿਰ ਦੇ ਉੱਤੇ ਕੋਈ ਦੁਪੱਟਾ ਨਹੀਂ। ਸਿਰ ਦੇ ਕੇਸ ਉਹਨਾਂ ਦੇ ਖਿਲਰੇ ਹੋਏ ਹਨ। ਕੇਸਾਂ ਨੂੰ ਆਪਣੇ ਮਨ ਦੀ ਚੰਚਲਤਾ ਨੂੰ ਚਮਕਾਉਣ ਦਾ ਸਾਧਨ ਬਣਾ ਲਿਆ ਗਿਆ ਹੈ। ਕੇਸਾਂ ਨੂੰ ਗੁਰੂ ਦੀ ਦਾਤ ਨਹੀਂ ਸਮਝਿਆ।
ਸਾਧ ਸੰਗਤ ! ਜਿਨ੍ਹਾਂ ਨੂੰ ਤੁਸੀਂ ਚਾਲੀ ਮੁਕਤੇ ਕਹਿੰਦੇ ਹੋ, ਉਹਨਾਂ ਨੇ ਕੇਸ ਤਾਂ ਨਹੀਂ ਸੀ ਮੁਨਾਏ। ਦਾੜ੍ਹੀਆਂ ਨਹੀਂ ਸੀ ਮੁਨਾਈਆਂ। ਕਿਰਪਾਨਾਂ ਲਾਹ ਕੇ ਖੂਹ ਵਿਚ ਨਹੀਂ ਸਨ ਸੁੱਟੀਆਂ। ਕੜੇ ਲਾਹ ਕੇ ਖੂਹ ਵਿਚ ਨਹੀਂ ਸਨ ਸੁੱਟੇ। ਬਾਣੀ ਪੜ੍ਹਨੋਂ ਨਹੀਂ ਸੀ ਹਟੇ, ਫਿਰ ਵੀ ਉਹ ਪਤਿਤ ਹੋ ਗਏ। ਕਿਉਂ ਪਤਿਤ ਹੋ ਗਏ ? ਕਿਉਂਕਿ ਉਹਨਾਂ ਦਾ ਸਿਦਕ ਡੋਲ ਗਿਆ ਅਤੇ ਕਹਿ ਦਿੱਤਾ ਕਿ ਤੂੰ ਅੱਜ ਤੋਂ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਜਦੋਂ ਸਿੱਖ ਦਾ ਸਿਦਕ ਡੋਲ ਜਾਏ ਤਾਂ ਉਦੋਂ ਹੀ ਇਹ ਪਤਿਤ ਹੋ ਜਾਂਦਾ ਹੈ। ਉਦੋਂ ਹੀ ਇਹ ਕਮੀਨਾ ਹੈ। ਸਿਦਕ ਧਰਮ ਦਲੀਲ ਦਾ ਧਰਮ ਹੈ। ਸਿਦਕ ਕਦੀ ਨਹੀਂ ਬਦਲਦਾ। ਸਿੱਖਾ! ਸਿਦਕ ਵਿਚ ਆ ਅਤੇ ਸਿੱਖੀ ਨਿਭਾਅ। ਭਾਈ ਤਾਰੂ ਸਿੰਘ ਦੀ ਖੋਪਰੀ ਕੇਸਾਂ ਸਮੇਤ ਉਤਾਰ ਦਿੱਤੀ ਗਈ। ਗੁਰੂ ਦੇ ਸਿੱਖੋ ! ਸੰਗਤ ਵਿਚ ਬੈਠ ਕੇ ਅਤੇ ਹਰੀ ਪ੍ਰਮਾਤਮਾ ਦਾ ਕੀਰਤਨ ਕਰਕੇ ਆਪਣੇ ਮਨ ਨੂੰ ਗੁਰਦੇਵ ਦੇ ਚਰਨਾਂ ਨਾਲ ਜੋੜੋ। ਇਹ ਸੁਆਸ ਬਾਰ ਬਾਰ ਨਹੀਂ ਮਿਲਦੇ।
ਮੇਰੇ ਉਸਤਾਦ ਜੀ ਕਿਹਾ ਕਰਦੇ ਸਨ ਕਿ ਬੇਟਾ ! ਇਕ ਸਮਾਂ ਹੈ। ਇਕ ਹੈ ਅਸਫਲ ਸਮਾਂ ਤੇ ਇਕ ਹੈ ਸਫਲ ਸਮਾਂ। ਨਾ ਪਾਪ ਕੀਤਾ, ਨਾ ਪੁੰਨ ਕੀਤਾ। ਸਮਾਂ ਆਪਣੀ ਚਾਲ ਤੁਰਦਾ ਗਿਆ। ਇਹ ਹੈ ਸਾਧਾਰਨ ਸਮਾਂ। ਇਹ ਹੈ ਅਸਫਲ ਸਮਾਂ। ਸਾਰਾ ਦਿਨ ਤਾਸ਼ ਖੇਡਦਾ ਰਿਹਾ। ਸਿਨੇਮਾ ਦੇਖਣ ਚਲੇ ਗਏ। ਇਹ ਹੈ ਅਸਫਲ ਸਮਾਂ। ਜਿਹੜਾ ਸਮਾਂ ਸੰਗਤ ਵਿਚ ਬੈਠ ਕੇ ਗੁਜ਼ਾਰ ਲਿਆ, ਇਹ ਹੈ ਸਫਲਾ ਸਮਾਂ। ਇਹ ਹੈ ਪਵਿੱਤਰ ਸਮਾਂ। ਇਹ ਹੈ ਅਮੋਲਕ ਸਮਾਂ।