ਰੱਬ ਕਿੰਨਾ ਕੁ ਦਇਆਲੂ ਹੈ। ਆਪਣੇ ਦੁਸ਼ਮਣ ਨੂੰ ਖ਼ੁਸ਼ ਕਰਨ ਲਈ ਉਸ ਨੇ ਸੋਚਿਆ ਕਿ ਜੇਕਰ ਫ਼ਰਾਊਨ ਨੂੰ ਯਕੀਨ ਨਾ ਹੋਇਆ ਕਿ ਰੱਬ ਮਰ ਗਿਆ ਹੈ ਤਾਂ ਉਹ ਐਵੇਂ ਹੌਕੇ ਭਰੇਗਾ। ਅੱਠਵੇਂ ਦਿਨ ਆਸਮਾਨ ਤੋਂ ਤੀਰ ਡਿੱਗਣੇ ਸ਼ੁਰੂ ਹੋ ਗਏ ਅਤੇ ਉਹ ਵੀ ਲਹੂ ਨਾਲ ਲੱਥ ਪੱਥ ਹੋਏ ਤੀਰ। ਅੱਠ ਦਿਨ ਤੀਰ ਡਿੱਗਦੇ ਰਹੇ ਤੇ ਫ਼ਰਾਊਨ ਨੂੰ ਸੋਲਾਂ ਆਨੇ ਯਕੀਨ ਹੋ ਗਿਆ ਕਿ ਅੱਲਾਹ ਮਰ ਗਿਆ ਹੈ। ਫ਼ਰਾਊਨ ਦਾ ਬੁਰਿਆਂ ਆਦਮੀਆਂ ਵਿਚ ਨਾਮ ਹੈ। ਮੇਰੇ ਬਾਪੂ ਨੇ ਇਕ ਹੋਕਾ ਦਿੱਤਾ ਹੈ :-
ਹਰਿ ਬਿਸਰਤ ਸਦਾ ਖੁਆਰੀ॥
(ਅੰਗ ੭੧੧)
ਮੈਂ ਜਦੋਂ ਯੋਗ ਵਸ਼ਿਸ਼ਟ ਪੜ੍ਹਿਆ ਤਾਂ ਉਸ ਦੇ ਵਿਚ ਇਕ ਬਚਨ ਆਇਆ ਕਿ ਸ੍ਰੀ ਰਾਮ ਨੇ ਭਗਵਾਨ ਵਸ਼ਿਸ਼ਟ ਨੂੰ ਇਹ ਗੱਲ ਕਹੀ ਕਿ ਮੇਰਾ ਪੜ੍ਹਨ ਨੂੰ ਜੀਅ ਨਹੀਂ ਕਰਦਾ, ਕਿਉਂਕਿ ਜਗਤ ਝੂਠਾ ਹੈ। ਝੂਠੇ ਜਗਤ ਵਿਚ ਰਹਿ ਕੇ ਝੂਠੀ ਵਿੱਦਿਆ ਦਾ ਕੀ ਪੜ੍ਹਨਾ ਹੈ? ਸ੍ਰੀ ਰਾਮ ਗੱਲਾਂ ਕਰ ਰਿਹਾ ਸੀ ਕਿ ਇੰਨੇ ਚਿਰ ਨੂੰ ਇਕ ਸੱਪ ਆ ਗਿਆ। ਸ੍ਰੀ ਰਾਮ ਜੀ ਦੌੜ ਪਏ ਅਤੇ ਸੱਪ ਆਪਣੇ ਰਸਤੇ ਚਲਾ ਗਿਆ। ਸ੍ਰੀ ਰਾਮ ਜੀ ਆ ਕੇ ਫਿਰ ਬੈਠ ਗਏ। ਵਸ਼ਿਸ਼ਟ ਕਹਿਣ ਲੱਗੇ- ਰਾਮ ! ਤੂੰ ਤਾਂ ਕਹਿੰਦਾ ਸੀ ਕਿ ਜਗਤ ਮਿੱਥਿਆ ਹੈ ਪਰੰਤੂ ਹੁਣੇ ਜਿਹੜਾ ਸੱਪ ਆਇਆ ਸੀ, ਇਹ ਵੀ ਤਾਂ ਜਗਤ ਵਿਚੋਂ ਹੀ ਸੀ। ਤੂੰ ਮਿੱਥਿਆ ਸੱਪ ਨੂੰ ਦੇਖ ਕੇ ਦੌੜਿਆ ਕਿਉਂ ਸੀ ? ਸ੍ਰੀ ਰਾਮ ਜੀ ਹੱਸ ਪਏ ਅਤੇ ਕਹਿਣ ਲੱਗੇ—ਭਗਵਾਨ ਵਸ਼ਿਸ਼ਟ ! ਮੇਰਾ ਦੌੜਨਾ ਵੀ ਜਗਤ ਦੇ ਵਿਚ ਹੀ ਹੈ। ਇਹ ਵੀ ਮਿੱਥਿਆ ਹੈ, ਇਹ ਕਿਹੜਾ ਸੱਚ ਹੈ। ਮੈਂ ਕਿਹੜਾ ਕਿਤੇ ਦੌੜ ਗਿਆ ਹਾਂ, ਮੁੜ ਕੇ ਤੇਰੇ ਕੋਲ ਹੀ ਆ ਗਿਆ ਹਾਂ।
ਜਿਤਨੇ ਵੀ ਦੁਨੀਆਂ ਦੇ ਰਾਜੇ ਹਨ, ਇਹ ਸਭ ਝੂਠੇ ਹਨ। ਮੇਰੇ ਸੱਚੇ ਪਾਤਿਸ਼ਾਹ ਗੁਰੂ ਗ੍ਰੰਥ ਸਾਹਿਬ ਹੁਕਮ ਕਰਦੇ ਹਨ :-
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ॥
ਹਟ ਪਟਣ ਬਾਜਾਰ ਹੁਕਮੀ ਢਹਸੀਓ॥
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ॥
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ॥