Back ArrowLogo
Info
Profile

ਧਿਆਨ ਮਾਰ ਕੇ ਦੇਖਿਆ। ਮੰਦਰ ਦੇ ਅੰਦਰ ਕ੍ਰਿਸ਼ਨ ਦੀ ਮੂਰਤੀ ਪਈ ਸੀ। ਸਾਂਵਲਾ ਜਿਹਾ ਉਸ ਦਾ ਰੰਗ ਸੀ। ਇਕ ਲੱਤ ਦੂਜੀ ਲੱਤ ਉੱਪਰ ਚਾੜ੍ਹ ਕੇ ਪੱਥਰ ਘੜਨ ਵਾਲੇ ਨੇ ਉਸ ਨੂੰ ਟੇਢੀ ਕੀਤਾ ਹੋਇਆ ਸੀ। ਬੜੀ ਸੁੰਦਰ ਮੂਰਤੀ ਬਣਾਈ ਸੀ ਕਿਸੇ ਮੂਰਤੀ ਘੜਨ ਵਾਲੇ ਨੇ। ਮੁਗ਼ਲਾਂ ਦੀ ਕੁੜੀ ਮੂਰਤੀ ਦੇਖ ਕੇ ਕੁਝ ਸਮਾਂ ਖਲੋ ਗਈ ਅਤੇ ਫਿਰ ਅੰਦਰ ਚਲੀ ਗਈ। ਮੂਰਤੀ ਦੇ ਸਾਹਮਣੇ ਖਲੋ ਕੇ ਉਸ ਮੂਰਤੀ ਨਾਲ ਗੱਲੀਂ ਪੈ ਗਈ। ਐ ਸਾਂਵਲੇ ਸਲੋਨੇ ! ਐ ਮੁਰਲੀ ਮਨੋਹਰ ! ਇਹ ਮੈਂ ਜਾਣਦੀ ਹਾਂ ਕਿ ਤੂੰ ਪੱਥਰ ਹੈਂ। ਮੈਂ ਇਹ ਵੀ ਸੁਣਿਆ ਹੈ ਕਿ ਧੰਨੇ ਵਰਗਿਆਂ ਨੇ ਤੈਨੂੰ ਪੱਥਰ ਵਿਚੋਂ ਹੀ ਪ੍ਰਗਟ ਕਰ ਲਿਆ ਹੈ। ਐ ਸਾਂਵਲੇ ਰੰਗ ਵਾਲੇ ! ਮੈਂ ਜਦੋਂ ਮਸੀਤੇ ਪੜ੍ਹਦੀ ਹੁੰਦੀ ਸੀ ਤਾਂ ਉਦੋਂ ਸਾਡੀ ਕੁੜੀਆਂ ਦੀ ਆਪਸ ਵਿਚ ਬਹਿਸ ਸ਼ੁਰੂ ਹੋ ਗਈ ਕਿ ਕ੍ਰਿਸ਼ਨ ਦਾ ਰੰਗ ਸਾਂਵਲਾ ਕਿਉਂ ਹੈ ? ਇਕ ਕਹਿਣ ਲੱਗੀ ਕਿ ਕ੍ਰਿਸ਼ਨ ਜੀ ਨੇ ਜਦੋਂ ਕਾਲੇ ਨਾਗ ਨੂੰ ਨੱਪਣਾ ਚਾਹਿਆ ਤਾਂ ਕਾਲੇ ਨਾਗ ਨੇ ਕ੍ਰਿਸ਼ਨ ਵੱਲ ਫੂਕ ਮਾਰੀ ਅਤੇ ਉਸ ਦੀ ਜ਼ਹਿਰ ਭਰੀ ਫੂਕ ਨਾਲ ਕ੍ਰਿਸ਼ਨ ਜੀ ਦਾ ਰੰਗ ਸਾਂਵਲਾ ਹੋ ਗਿਆ। ਦੂਜੀ ਕਹਿਣ ਲੱਗੀ ਕਿ ਹਕੀਕਤ ਇਹ ਹੈ ਕਿ ਅਸੀਂ ਕਰਦੇ ਹਾਂ ਪਾਪ, ਅਸੀਂ ਹਾਂ ਗੁਨਾਹਗਾਰ ਅਤੇ ਉਹ ਹੈ ਪਾਪ ਬਖ਼ਸ਼ਣ ਵਾਲਾ। ਪਾਪਾਂ ਦਾ ਰੰਗ ਕਾਲਾ ਹੁੰਦਾ ਹੈ। ਉਹ ਸਾਡੇ ਪਾਪ ਮਾਫ਼ ਕਰਦਾ ਕਰਦਾ ਹੀ ਸਾਂਵਲਾ ਹੋ ਗਿਆ। ਤੀਜੀ ਕਹਿਣ ਲੱਗੀ ਕਿ ਗ਼ਲਤ ਹੈ, ਭਗਵਾਨ ਨੂੰ ਪਾਪ-ਪੁੰਨ ਨਾਲ ਕੋਈ ਲੈਣਾ ਦੇਣਾ ਨਹੀਂ। ਕਹਿਣ ਲੱਗੀ ਕਿ ਅਸੀਂ ਹਾਂ ਇਸਤਰੀਆਂ। ਸਾਡੀ ਗਿਣਤੀ ਬਹੁਤੀ ਹੈ। ਇਸਤਰੀ ਜਾਤੀ ਦਾ ਇਹ ਰਿਵਾਜ ਹੈ ਕਿ ਇਹ ਅੱਖਾਂ ਵਿਚ ਕਜਲਾ ਪਾਉਂਦੀਆਂ ਹਨ। ਕਜਲਾ ਕਾਲਾ ਹੁੰਦਾ ਹੈ। ਉਹ ਵੀ ਅੱਖਾਂ ਵਿਚ ਮੱਚਦਾ ਹੈ। ਜਿਹੜਾ ਆਪਣਾ ਇਸ਼ਟ ਹੁੰਦਾ ਹੈ, ਉਸ ਦੀ ਮੂਰਤੀ ਵੀ ਅੱਖਾਂ ਵਿਚ ਵੱਸਦੀ ਹੈ। ਉਹ ਸਾਡੀਆਂ ਅੱਖਾਂ ਨਾਲ ਲੱਗੇ ਸੁਰਮੇ ਵਿਚ ਲੇਟ ਲੇਟ ਕੇ ਹੀ ਸਾਂਵਲਾ ਹੋ ਗਿਆ ਹੈ।

ਮੁਗਲਾਂ ਦੀ ਕੁੜੀ ਕਹਿਣ ਲੱਗੀ ਕਿ ਹੇ ਕ੍ਰਿਸ਼ਨਾ ! ਹੈ ਤਾਂ ਤੂੰ ਪੱਥਰ ਦੀ ਮੂਰਤੀ ਪਰ ਘੜਨ ਵਾਲੇ ਨੇ ਗ਼ਜ਼ਬ ਕਰ ਦਿੱਤਾ ਹੈ। ਜੇਕਰ ਤੂੰ ਧੰਨੇ ਵਰਗਿਆਂ ਦੀ ਈਨ ਪੂਰੀ ਕਰਨ ਲਈ ਪੱਥਰਾਂ ਵਿਚੋਂ ਪ੍ਰਗਟ ਹੋ ਜਾਂਦਾ ਹੈ ਤਾਂ ਮੈਂ ਮੁਗ਼ਲਾਂ ਦੀ ਕੁੜੀ ਤੇਰੇ ਅੱਗੇ ਮਿੰਨਤ ਕਰਦੀ ਹਾਂ ਕਿ ਕ੍ਰਿਸ਼ਨਾ ! ਇਸ ਪੱਥਰ ਵਿਚੋਂ ਪ੍ਰਗਟ ਹੋ ਕੇ ਆਪਣੇ ਲਬਾਂ ਉੱਤੇ ਰੱਖੀ ਹੋਈ ਬੰਸਰੀ ਵਿਚੋਂ ਦੋ ਕੁ ਫੂਕਾਂ ਮਾਰ। ਮੈਨੂੰ ਕੁਝ ਸੁਣਾ ਕੇ ਮੇਰੀ ਰੀਝ ਵੀ ਪੂਰੀ ਕਰ ਦੇ।

31 / 60
Previous
Next