ਤਰ੍ਹਾਂ ਦੇ ਨਗ਼ਮੇ ਅਲਾਪਦੇ ਪਏ ਹਨ, ਪਰੰਤੂ ਸਾਨੂੰ ਉਹਨਾਂ ਪਰਿੰਦਿਆਂ ਦੀ ਭਾਸ਼ਾ ਨਹੀਂ ਸਮਝ ਆਉਂਦੀ। ਅਸੀਂ ਉਹਨਾਂ ਪਰਿੰਦਿਆਂ ਦੀ ਬੋਲੀ ਨਹੀਂ ਜਾਣਦੇ। ਧੰਨ ਬਾਬਾ ਗੁਰੂ ਅਰਜਨ ਸਾਹਿਬ ਜੀ! ਤੁਸੀਂ ਪਰਿੰਦਿਆਂ ਦੀ ਬੋਲੀ ਜਾਣਦੇ ਸੀ ਤੇ ਜਦੋਂ ਪਰਿੰਦੇ ਬੋਲੇ, ਉਹਨਾਂ ਰਾਗ ਅਲਾਪਿਆ, ਮਾਲਕ ਦੇ ਨਗਮੇ ਗਾਏ ਤਾਂ ਤੁਹਾਡੀ ਰਸਨਾ ਵਿਚੋਂ ਨਿਕਲਿਆ-
ਫਰੀਦਾ ਹਉ ਬਲਿਹਾਰੀ ਤਿਨ੍ ਪੰਖੀਆ ਜੰਗਲਿ ਜਿੰਨਾ ਵਾਸੁ॥
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ॥
(ਅੰਗ ੧੩੮੩)
ਮੈਂ ਉਹਨਾਂ ਪਰਿੰਦਿਆਂ ਤੋਂ ਸਦਕੇ ਜਾਂਦਾ ਹਾਂ ਜਿਹੜੇ ਜੰਗਲ ਵਿਚ ਰਹਿੰਦੇ ਹਨ, ਨਿੱਕੇ-ਨਿੱਕੇ ਪੱਥਰ ਖਾਂਦੇ ਹਨ, ਪਰੰਤੂ ਰੱਬ ਦਾ ਪਾਸਾ ਨਹੀਂ ਛੱਡਦੇ, ਰੱਬ ਦਾ ਜ਼ਿਕਰ ਜ਼ਰੂਰ ਕਰਦੇ ਹਨ।
ਦਰਿਆ ਵਗ ਰਿਹਾ ਹੈ। ਦਰਿਆ ਦੇ ਚੜ੍ਹਦੇ ਕਿਨਾਰੇ ਇਕ ਬੜਾ ਭਾਰੀ ਸ਼ਿਕਾਰੀਆਂ ਦਾ ਜੱਥਾ ਜਿਨ੍ਹਾਂ ਕੋਲ ਭਾਂਡੇ ਹਨ, ਬੰਦੂਕਾਂ ਹਨ, ਨੇਜ਼ੇ ਹਨ, ਬਾਜ ਹਨ। ਜੀਵ-ਜੰਤੂ ਕੋਈ ਭੱਜਿਆ ਫਿਰਦਾ ਹੈ, ਕੋਈ ਜਾਨ ਬਚਾਉਂਦਾ ਹੈ। ਇਕ ਬੜਾ ਵੱਡਾ ਸ਼ੋਰ ਬਣਿਆ ਹੋਇਆ ਹੈ। ਦਰਿਆ ਦੇ ਲਹਿੰਦੇ ਕਿਨਾਰੇ ਇਕ ਬੜਾ ਸੋਹਣਾ ਸੁੰਦਰ ਸ਼ਹਿਰ ਹੈ। ਉਸ ਸ਼ਹਿਰ ਦੇ ਲਹਿੰਦੇ ਪਾਸੇ ਇਕ ਬੜਾ ਵੱਡਾ ਆਲੀਸ਼ਾਨ ਮਕਾਨ ਹੈ। ਮਕਾਨ ਦੇ ਅੰਦਰ ਇਕ ਵੱਡਾ ਸਾਰਾ ਕਮਰਾ ਹੈ। ਉਸ ਦੇ ਵਿਚ ਉੱਚਾ ਸਾਰਾ ਇਕ ਮੰਜਾ ਵਿਛਿਆ ਹੋਇਆ ਹੈ ਜਿਸ ਉੱਤੇ ਬਿਸਤਰੇ ਵਿਛੇ ਹੋਏ ਹਨ ਅਤੇ ਬਿਸਤਰਿਆਂ ਉੱਤੇ ਇਕ ਚਿੱਟੀ ਚਾਦਰ ਵਿਛੀ ਹੋਈ ਹੈ। ਉਸ ਚਾਦਰ ਦੇ ਉੱਤੇ ਰੋਗਾਂ ਦੀ ਗ੍ਰਸੀ ਹੋਈ ਇਕ ਇਸਤਰੀ ਪਈ ਹੋਈ ਹੈ। ਕਿਸੇ ਸਮੇਂ ਉਸ ਦੇ ਨੇਤਰਾਂ ਨੂੰ ਲੋਕ ਕੰਵਲ ਫੁੱਲ ਵਰਗੇ ਆਖਦੇ ਸਨ, ਪਰੰਤੂ ਅੱਜ ਉਸ ਦੀਆਂ ਅੱਖਾਂ ਡਰਾਉਣੀਆਂ ਹਨ। ਕਿਸੇ ਸਮੇਂ ਉਸ ਦੀਆਂ ਲੰਮੀਆਂ ਲੰਮੀਆਂ ਉਂਗਲਾਂ ਉਸ ਦੀ ਸੁੰਦਰਤਾ ਦੀ ਸ਼ੋਭਾ ਨੂੰ ਵਧਾਉਂਦੀਆਂ ਸਨ, ਪਰੰਤੂ ਅੱਜ ਉਸ ਦੇ ਹੱਥ ਚੁੜੇਲਾਂ ਵਰਗੇ ਜਾਪਦੇ ਸਨ। ਬਿਲਕੁਲ ਬੇਸੁਰਤ ਬਿਸਤਰੇ 'ਤੇ ਪਈ ਹੋਈ ਹੈ। ਉਹ ਪਿਆਰੇ ਪ੍ਰੀਤਮ ਦੇ ਅੰਤਲੇ ਦਰਸ਼ਨਾਂ ਲਈ ਇਸ ਬਿਸਤਰੇ 'ਤੇ ਪਈ ਪਈ ਬੜੀ ਕਮਜ਼ੋਰ ਜਿਹੀ ਆਵਾਜ਼ ਵਿਚ ਬੋਲੀ-