

ਆਉਣ ਦੀ ਆਸ
ਖੈਰ, ਸਮੇਂ ਤੇ ਹਲਾਤਾਂ ਨੇ ਜੋ ਕਰੀ ਸੋ ਕਰੀ,
ਇਸ ਦਿਲ 'ਚੋਂ, ਤੇਰੇ ਆਉਣ ਦੀ ਆਸ ਨਹੀਂ ਮਰੀ!
ਕਿਸ ਤਰ੍ਹਾਂ ਕਰਾਂ ਮੈਂ ਨਸ਼ੇ ਦੀ ਖਿਦਮਤ,
ਖਿਆਲਾਂ ਨੂੰ ਖੁਮਾਰੀ ਰਹਿੰਦੀ ਜੋ ਚੜ੍ਹੀ!
ਮੁਨਾਸਬ ਗੱਲ ਹੈ ਅਗਰ ਤੂੰ ਸਮਝੇ,
ਇਸ਼ਕ ਹੈ ਰੂਹਾਨੀ ਨਜ਼ਰਾਂ 'ਚੋਂ ਪੜ੍ਹੀ!
ਜੇ ਨਹੀਂ ਸੀ ਕਰਨਾ ਵਸਲ ਮਾਰੂਥਲ ਨੂੰ,
ਫਿਰ ਦੱਸ ਕਾਹਤੋਂ ਖਾਬਾਂ ਵਿੱਚ ਵੜੀ?
ਰੱਬ ਵਾਂਗ ਕਰਦੇ ਆਂ ਤੇਰੀਆਂ ਇਬਾਦਤਾਂ,
ਟੁੱਟੀ ਡੋਰ ਸਾਹਾਂ ਦੀ ਦੁਆ ਵਾਂਗ ਫੜੀ!
ਬਣਾਇਆ ਕੀ ਖ਼ੁਦਾ ਤੈਨੂੰ, ਆ ਗਈਆਂ ਮਗਰੂਰੀਆਂ
ਤੂੰ ਤਾਂ ਕੋਲ ਖੜਣਾ ਕੀ, ਬੈਠਾ ਵੀ ਨਾ ਘੜੀ!
ਦੇਖੀਂ ਕਿਤੇ ਖੋਲ੍ਹ ਹੀ ਨਾ ਦੇਵੀਂ ਪੰਨੇ ਹਵਾ 'ਚ,
ਤੂੰ ਜੋ ਕਿਤਾਬ ਸਾਡੀ ਜ਼ਿੰਦਗੀ ਦੀ ਫੜੀ!
ਇਹੀ ਹੈ ਖਜ਼ਾਨਾ ਮੇਰਾ ਨਗਮੇ ਜੋ ਲਿਖੇ ਨੇ,
ਲਫਜ਼ਾਂ 'ਚ ਲਿਖਿਆ ਜੋ ਹਾਲ ਤਾਂ ਪੜ੍ਹੀ!
ਮੈਂ ਤਾਂ ਪੂਰੀ ਵਾਹ ਲਾਈ ਤੇਰੇ ਪਿੱਛੇ ਮਰਨੇ ਦੀ,
ਕੀ ਮੇਰੇ ਨਾ ਜਿਉਣ ਲਈ ਤੂੰ ਲੇਖਾਂ ਨਾ ਲੜੀ?
ਰੋਜ਼ ਲੈ ਕੇ ਆਉਂਦਾ ਉਸ ਰਾਹ 'ਤੇ ਉਮੀਦ ਨਵੀਂ,
ਸ਼ਾਇਦ ਉਸ ਮੋੜ ਹੋਵੇ ਉਡੀਕਦੀ ਉਹ ਖੜ੍ਹੀ!
ਹੁੰਦਾ ਕੀ ਮਹਿਬੂਬ ਯਾਰ ਵਾਸਤੇ ਜੇ ਜਾਨਣਾ,
ਸਾਰੀਆਂ ਨੂੰ ਛੱਡ 'ਇੱਕ ਪੌੜੀ' ਪਿਆਰ ਦੀ ਚੜ੍ਹੀ!
ਤੇਰੇ ਜਾਣ ਮਗਰੋਂ ਮੈਂ ਜਿਉਂਦਿਆਂ ਹੀ ਮੋ ਗਿਆ,
ਲਾਸ਼ ਮੇਰੀ ਦੇਖ ਬੇਵਜਾ ਨਾ ਡਰੀਂ!
ਉੱਠ ਨਾ ਜਾਵੇ ਦਿਲ ਕਬਰਸਤਾਨ 'ਚੋਂ,
ਇਸ਼ਕ ਹੈ ਆਬਾਦ ਚਾਹੇ ਦੇਖਲੈ ਕਮਾਲ ਸਾਡਾ,
ਮਰ ਕੇ ਵੀ ਤੈਨੂੰ ਜਾਂਦੇ ਯਾਦ ਆਂ ਕਰੀ!