Back ArrowLogo
Info
Profile

ਆਉ ਚਿੜੀਓ

ਆਉ ਚਿੜੀਓ ਨੀ ਸ਼ੋਰ ਮਚਾਓ

ਕਾਵਾਂ ਨੂੰ ਵੀ ਨਾਲ ਲੈ ਜਾਉ

ਸਹੀਆਂ ਹੋਰ ਨਾ ਜਾਣ ਪੀੜਾਂ

ਮੌਤ ਮੇਰੀ ਦਾ ਗੀਤ ਕੋਈ ਗਾਉ

 

ਸੂਰਜ ਤੋਂ ਪਹਿਲਾਂ ਖੁੱਲ੍ਹ ਜਾਏ

ਅੱਖ ਮਰਜਾਣੀ ਡੁੱਲ੍ਹ ਜਾਏ

ਉਹਦੀ ਯਾਦ ਸੰਭਾਲੀ ਫਿਰਦੇ ਆਂ

ਜਿਸਨੂੰ ਸਾਡੀ ਯਾਦ ਨਾ ਆਏ

 

ਨਬਜ਼ਾਂ 'ਚੋਂ ਪੀੜਾਂ ਵਹਿੰਦੀਆਂ ਨੇ

ਵਾਵਾਂ ਉਦਾਸੀਆਂ ਕਹਿੰਦੀਆਂ ਨੇ

ਤੇਰੇ ਫਿੱਕੜੇ ਦਾ ਹੁਣ ਕੀ ਜੀਣਾ

ਉਹਦੇ ਗੂੜੀਆਂ ਚੜ੍ਹੀਆਂ ਮਹਿੰਦੀਆਂ ਨੇ

 

ਅੱਜ ਉਸ ਦੀ ਡੋਲੀ ਉੱਠਣੀ ਏ

ਜਿੰਦ ਤੜਪ ਤੜਪ ਕੇ ਮੁੱਕਣੀ ਏ

ਤੇਰੇ ਹਿਜ਼ਰਾਂ ਦੀ ਧੁੱਪ ਤਿੱਖੀ 'ਚ

ਸਾਹਾਂ ਦੀ ਨਹਿਰ ਵੀ ਸੁੱਕਣੀ ਏ

 

ਮੇਰੇ ਘਰ ਉੱਤੋਂ ਲੜੀਆਂ ਲਾਹੋ

ਚਾਦਰ ਤੇ ਬਾਲਣ ਲੈ ਆਓ

ਮੈਂ ਆਖਰੀ ਵਾਰ ਉਸਨੂੰ ਵੇਖ ਆਵਾਂ

ਤੁਸੀਂ ਜਾਕੇ ਸ਼ਮਸ਼ਾਨ ਸਜਾਓ

131 / 139
Previous
Next