100 ਸੂਰਜ
100 ਸੂਰਜ ਚੱਲ ਕੇ ਆਇਆ.
ਰੀਝਾਂ ਸੁਫ਼ਨੇ ਰੰਗ ਕੇ ਆਇਆ!
ਤੇਰੀ ਇੱਕ ਝਲਕ ਦੇ ਖਾਤਰ,
ਕਿੰਨੇ ਈ ਚੰਨ ਲੰਘ ਕੇ ਆਇਆ।
ਜ਼ੁਲਫ਼ਾਂ ਦੀ ਚੱਲ ਛਾਂ ਤਾਂ ਕਰਦੇ,
ਸਿਖਰ ਦੁਪਹਿਰੇ ਹੰਭ ਕੇ ਆਇਆ!
ਨਿੱਘ ਦਾ ਕਰ ਪਰਬੰਧ ਕਿਤੋਂ,
ਠੰਡੀਆਂ ਠੰਡਾ ਕੰਬ ਕੇ ਆਇਆ।
ਮੁਸਕੁਰਾ ਕਰ ਚਾਨਣ ਚੰਨਿਆਂ,
ਹਨੇਰਿਆਂ ਮੂਹਰੇ ਖੰਗ ਕੇ ਆਇਆ।
ਤੇਰੇ ਇੱਤਰਾਂ ਬਾਰੇ ਦੱਸ ਕੇ,
ਆਕੜ ਫੁੱਲਾਂ ਦੀ ਭੰਨ ਕੇ ਆਇਆ!
ਤੇਰਾ ਨਾਂ ਲੈ ਪੁਕਾਰਦੇ ਨੇ ਜੋ,
ਉਹਨਾਂ ਮੂਹਰੋਂ ਸੰਘ ਕੇ ਆਇਆ!
ਮੰਦਿਰ ਮਸਜਿਦ ਹਰ ਕਿਤੇ,
ਤਸਵੀਰਾਂ ਤੇਰੀਆਂ ਟੰਗ ਕੇ ਆਇਆ!
ਤੇਰੇ ਵਿੱਚ ਖ਼ੁਦਾ ਹੈ ਮੇਰਾ,
ਮੈਂ ਮੂਰਤੀ ਸ਼ਿਵ ਦੀ ਭੰਨ ਕੇ ਆਇਆ।
100 ਸੂਰਜ ਚੱਲ ਕੇ ਆਇਆ.
ਰੀਝਾਂ ਸੁਫ਼ਨੇ ਰੰਗ ਕੇ ਆਇਆ।