ਹੰਝੂ ਦਾ ਖ਼ਤ
ਜੁਬਾਨ ਬੇਸ਼ੱਕ ਮੇਰੇ ਹੁਕਮ ਦੇ ਪੱਖ 'ਚ ਸੀ,
ਪਰ ਤੇਰੀ ਗੱਲ ਦਾ ਜਵਾਬ ਮੇਰੀ ਅੱਖ 'ਚ ਸੀ।
ਤੂੰ ਕਹਿਨਾ ਵੱਖ ਹੋਣਾ ਖ਼ੁਦਾ ਦੀ ਮਰਜ਼ੀ ਹੈ,
ਮੈਂ ਕਹਿਨਾ ਕਿ ਸਭ ਕੁੱਝ ਤੇਰੇ ਹੱਥ 'ਚ ਸੀ!
ਜਾਣ ਲੱਗੇ ਤੈਨੂੰ ਗਲ ਨਾਲ ਲਾਕੇ ਤੋਰਨਾ ਸੀ,
ਪਰ ਕੀ ਕਰਦਾ ਗੁੱਸਾ ਜੋ ਮੇਰੇ ਨੱਕ 'ਚ ਸੀ।
ਦਿਲ ਆਇਆ ਤਾਂ ਸੱਪਾਂ ਵਰਗੇ ਦਿਲਬਰ 'ਤੇ,
ਅਸਲੀ ਰੂਪ ਤਾਂ ਛੁਪਿਆ ਉਸਦੇ ਕੱਖ 'ਚ ਸੀ।
ਤੂੰ ਬੱਸ ਚੰਨ ਦਾ ਸਾਨੀ ਬਣਿਆ ਆਲਮ 'ਤੇ,
ਤਾਰਿਆਂ ਵਰਗਾ ਮੈਂ ਖੜ੍ਹਾ ਪਰ ਲੱਖ 'ਚ ਸੀ!
ਤੇਰੀ ਮੁਹੱਬਤ ਸਾਹਾਂ ਵਾਂਗਰ ਮੁੱਕ ਗਈ,
ਮੇਰੀ ਮੁਹੱਬਤ ਰੂਹ ਮੇਰੀ ਦੇ ਰੱਤ 'ਚ ਸੀ!
ਅਸੀਂ ਹੰਝੂ ਡੋਲ੍ਹ ਸੁਕਾਕੇ ਛਾਪੇ ਕਾਗਜ਼ 'ਤੇ,
ਉਸ ਖੋਲ੍ਹਿਆ ਖਾਲੀ ਜਾਣ ਪਰ੍ਹਾਂ ਨੂੰ ਸੁੱਟ ਦਿੱਤਾ।
ਅਸਾਂ ਸੂਰਜ ਥੱਲੇ ਬੈਠ ਵਹਾਈਆਂ ਅੱਖਾਂ ਸੀ,
ਉਹ ਕੀ ਜਾਨਣ ਪਿਆਰ ਤਾਂ ਓਸੇ ਖ਼ਤ 'ਚ ਸੀ!
ਸਾਹ ਵੀ ਨਿਕਲਿਆ ਬੂਹੇ ਵਿੱਚ ਬੈਠਿਆਂ ਦਾ,
ਨਜ਼ਰਾਂ ਸਾਡੀਆਂ ਹਲੇ ਵੀ ਤੇਰੀ ਤੱਕ 'ਚ ਸੀ!
ਜੋ ਜਿਉਂਦਿਆਂ ਭੁੱਲੇ ਉਹਨਾਂ ਹੁਣ ਕੀ ਯਾਦ ਕਰਨਾ,
ਪਰ ਜਾਂਦੀ ਵਾਰ ਤਸਵੀਰ ਤੇਰੀ ਮੇਰੇ ਹੱਥ 'ਚ ਸੀ,
ਆਖਰੀ ਸਾਹ ਤਸਵੀਰ ਤੇਰੀ ਮੇਰੇ ਹੱਥ 'ਚ ਸੀ!